ਸਰਕਾਰ ਨੇ IPL ਨੂੰ ਤਮਾਕੂ ਤੇ ਸ਼ਰਾਬ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਲਗਾਉਣ ਲਈ ਕਿਹਾ 

ਏਜੰਸੀ

ਖ਼ਬਰਾਂ, ਖੇਡਾਂ

ਖੇਡ ਸਹੂਲਤਾਂ ’ਚ ਤੰਬਾਕੂ/ਅਲਕੋਹਲ ਉਤਪਾਦਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕੀਤੀ

IPL

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਅਪੀਲ ਕੀਤੀ ਹੈ ਕਿ ਉਹ ਮੈਚਾਂ ਦੌਰਾਨ ਸਟੇਡੀਅਮ ਦੇ ਅੰਦਰ ਸਰੋਗੇਟ ਪ੍ਰਚਾਰ ਸਮੇਤ ਤਮਾਕੂ ਅਤੇ ਸ਼ਰਾਬ ਦੇ ਸਾਰੇ ਇਸ਼ਤਿਹਾਰਾਂ ’ਤੇ ਪਾਬੰਦੀ ਲਗਾਵੇ ਅਤੇ ਕੌਮੀ ਟੈਲੀਵਿਜ਼ਨ ’ਤੇ ਜਨਤਕ ਸਿਹਤ ਦੀ ਬਿਹਤਰੀ ਵਾਲੇ ਇਸ਼ਤਿਹਾਰਾਂ ਦਾ ਪ੍ਰਸਾਰਣ ਕਰੇ। ਸਰਕਾਰ ਦੀ ਇਹ ਬੇਨਤੀ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐਲ. ਸੀਜ਼ਨ ਤੋਂ ਪਹਿਲਾਂ ਆਈ ਹੈ। 

ਆਈ.ਪੀ.ਐਲ. ਦੇ ਚੇਅਰਮੈਨ ਅਰੁਣ ਸਿੰਘ ਧੂਮਲ ਨੂੰ ਲਿਖੀ ਚਿੱਠੀ ’ਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀ.ਜੀ.ਐਚ.ਐਸ.) ਨੇ ਉਨ੍ਹਾਂ ਨੂੰ ਸਾਰੇ ਸਬੰਧਤ ਸਮਾਗਮਾਂ ਅਤੇ ਖੇਡ ਸਹੂਲਤਾਂ ’ਚ ਤੰਬਾਕੂ/ਅਲਕੋਹਲ ਉਤਪਾਦਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। 

ਚਿੱਠੀ ’ਚ ਕੁਮੈਂਟੇਟਰਾਂ ਸਮੇਤ ਖਿਡਾਰੀਆਂ ਦੀ ਤਰੱਕੀ ਨੂੰ ਉਤਸ਼ਾਹਤ ਕਰਨ ’ਤੇ ਵੀ ਜ਼ੋਰ ਦਿਤਾ ਗਿਆ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਰਾਬ ਜਾਂ ਤਮਾਕੂ ਨਾਲ ਜੁੜੇ ਉਤਪਾਦਾਂ ਦਾ ਸਮਰਥਨ ਕਰਦੇ ਹਨ।