Monty Panesar News: ਮੋਂਟੀ ਪਨੇਸਰ ਦੀ ਸਿਆਸੀ ਪਾਰੀ ਇਕ ਹਫਤੇ ’ਚ ਹੀ ਖ਼ਤਮ! ਸੰਸਦੀ ਉਮੀਦਵਾਰ ਵਜੋਂ ਵਾਪਸ ਲਿਆ ਨਾਮ

ਏਜੰਸੀ

ਖ਼ਬਰਾਂ, ਖੇਡਾਂ

ਕਿਹਾ, ਮੈਨੂੰ ਅਹਿਸਾਸ ਹੈ ਕਿ ਮੈਨੂੰ ਸੁਣਨ, ਸਿੱਖਣ ਅਤੇ ਇਕ ਰਾਜਨੀਤਿਕ ਘਰ ਲੱਭਣ ਲਈ ਵਧੇਰੇ ਸਮਾਂ ਚਾਹੀਦਾ ਹੈ

Monty Panesar quits politics one week after joining it

Monty Panesar News: ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਅਪਣਾ ਸਿਆਸੀ ਕਾਰਜਕਾਲ ਸਿਰਫ ਇਕ ਹਫਤੇ 'ਚ ਖਤਮ ਕਰ ਲਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਗ੍ਰੇਟ ਬ੍ਰਿਟੇਨ ਦੀ ਜਾਰਜ ਗੈਲੋਵੇ ਦੀ ਵਰਕਰਜ਼ ਪਾਰਟੀ ਦੇ ਸੰਸਦੀ ਉਮੀਦਵਾਰ ਵਜੋਂ ਅਪਣਾ ਨਾਮ ਵਾਪਸ ਲੈ ਰਹੇ ਹਨ। ਪਿਛਲੇ ਹਫਤੇ ਗੈਲੋਵੇ ਨੇ ਵੈਸਟਮਿੰਸਟਰ 'ਚ 42 ਸਾਲਾ ਪਨੇਸਰ ਨੂੰ ਅਪਣਾ ਉਮੀਦਵਾਰ ਬਣਾਇਆ ਸੀ।

ਖੱਬੇ ਹੱਥ ਦੇ ਸਾਬਕਾ ਸਪਿਨਰ ਪਨੇਸਰ ਨੇ ਅਗਲੀਆਂ ਆਮ ਚੋਣਾਂ ਵਿਚ ਪੱਛਮੀ ਲੰਡਨ ਦੀ ਈਲਿੰਗ ਸਾਊਥਾਲ ਸੀਟ ਤੋਂ ਚੋਣ ਲੜਨੀ ਸੀ। ਖ਼ਬਰਾਂ ਅਨੁਸਾਰ, ਪਨੇਸਰ ਨੇ ਚੁਣੌਤੀਪੂਰਨ ਮੀਡੀਆ ਇੰਟਰਵਿਊਜ਼ ਦੇਣ ਤੋਂ ਬਾਅਦ ਅਪਣੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਕੀਤਾ, ਜਿਨ੍ਹਾਂ ਵਿਚੋਂ ਇਕ ਵਿਚ ਉਨ੍ਹਾਂ ਨੂੰ ਬ੍ਰਿਟੇਨ ਦੀ ਨਾਟੋ ਦੀ ਮੈਂਬਰਸ਼ਿਪ ਬਾਰੇ ਰਾਏ ਦੇਣ ਲਈ ਕਿਹਾ ਗਿਆ ਸੀ ਤੇ ਉਹ ਇਸ ਦਾ ਸਹੀ ਤਰ੍ਹਾਂ ਨਾਲ ਜਵਾਬ ਨਹੀਂ ਦੇ ਸਕੇ।

ਪਨੇਸਰ ਨੇ ਕਿਹਾ, “ਮੈਨੂੰ ਬ੍ਰਿਟਿਸ਼ ਨਾਗਰਿਕ ਹੋਣ 'ਤੇ ਮਾਣ ਹੈ, ਜਿਸ ਨੂੰ ਕ੍ਰਿਕਟ ਦੇ ਉੱਚ ਪੱਧਰ 'ਤੇ ਅਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਹੁਣ ਦੂਜਿਆਂ ਦੀ ਮਦਦ ਕਰਨ ਲਈ ਅਪਣਾ ਯੋਗਦਾਨ ਪਾਉਣਾ ਚਾਹੁੰਦਾ ਹਾਂ, ਪਰ ਮੇਰਾ ਮੰਨਣਾ ਹੈ ਕਿ ਮੈਂ ਅਪਣੀ ਯਾਤਰਾ ਦੀ ਸ਼ੁਰੂਆਤ ਵਿਚ ਹਾਂ ਅਤੇ ਅਜੇ ਵੀ ਸਿੱਖ ਰਿਹਾ ਹਾਂ ਕਿ ਰਾਜਨੀਤੀ ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ”।

ਉਨ੍ਹਾਂ ਕਿਹਾ, “ਇਸ ਲਈ ਅੱਜ ਮੈਂ ਵਰਕਰਜ਼ ਪਾਰਟੀ ਦੇ ਆਮ ਚੋਣ ਉਮੀਦਵਾਰ ਵਜੋਂ ਅਪਣਾ ਨਾਮ ਵਾਪਸ ਲੈ ਰਿਹਾ ਹਾਂ। ਮੈਨੂੰ ਅਹਿਸਾਸ ਹੈ ਕਿ ਮੈਨੂੰ ਸੁਣਨ, ਸਿੱਖਣ ਅਤੇ ਇਕ ਰਾਜਨੀਤਿਕ ਘਰ ਲੱਭਣ ਲਈ ਵਧੇਰੇ ਸਮਾਂ ਚਾਹੀਦਾ ਹੈ ਜੋ ਮੇਰੀਆਂ ਨਿੱਜੀ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਦੇ ਅਨੁਕੂਲ ਹੋਵੇ”।

ਮੌਂਟੀ ਪਨੇਸਰ ਦਾ ਖੇਡ ਕਰੀਅਰ

42 ਸਾਲਾ ਮੌਂਟੀ ਪਨੇਸਰ ਨੇ ਇੰਗਲੈਂਡ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਦਿਆਂ ਕੁੱਲ 50 ਟੈਸਟ, 26 ਵਨਡੇ ਅਤੇ 1 ਟੀ-20 ਮੈਚ ਖੇਡੇ ਹਨ। ਪਨੇਸਰ ਨੇ ਅਪਣੇ ਟੈਸਟ ਕਰੀਅਰ 'ਚ 167 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨਡੇ 'ਚ 24 ਅਤੇ ਟੀ-20 'ਚ 2 ਵਿਕਟਾਂ ਲਈਆਂ ਹਨ। ਪਨੇਸਰ ਨੇ ਭਾਰਤ ਵਿਰੁਧ 2012 ਦੀ ਟੈਸਟ ਸੀਰੀਜ਼ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ।