Bajrang Punia News: ਕੁਸ਼ਤੀ ਦੀ ਗਲੋਬਲ ਗਵਰਨਿੰਗ ਬਾਡੀ UWW ਨੇ ਬਜਰੰਗ ਪੂਨੀਆ ਨੂੰ ਕੀਤਾ ਮੁਅੱਤਲ
ਡੋਪ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ
Bajrang Punia News: ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵਲੋਂ ਡੋਪ ਟੈਸਟ ਕਰਵਾਉਣ ਤੋਂ ਇਨਕਾਰ ਕਰਨ 'ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਹੁਣ ਕੁਸ਼ਤੀ ਦੀ ਗਲੋਬਲ ਗਵਰਨਿੰਗ ਬਾਡੀ UWW ਨੇ ਸਾਲ ਦੇ ਅੰਤ ਤਕ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਹੈ।
ਹਾਲਾਂਕਿ ਭਾਰਤੀ ਖੇਡ ਅਥਾਰਟੀ (ਸਾਈ) ਨੇ ਨਾਡਾ ਦੇ ਫੈਸਲੇ ਬਾਰੇ ਜਾਣਨ ਦੇ ਬਾਵਜੂਦ ਬਜਰੰਗ ਦੀ ਵਿਦੇਸ਼ੀ ਸਿਖਲਾਈ ਲਈ ਲਗਭਗ 9 ਲੱਖ ਰੁਪਏ ਮਨਜ਼ੂਰ ਕਰ ਦਿਤੇ। ਦੇਸ਼ ਦੇ ਸੱਭ ਤੋਂ ਸਫਲ ਪਹਿਲਵਾਨਾਂ ਵਿਚੋਂ ਇਕ ਬਜਰੰਗ ਨੂੰ ਨਾਡਾ ਨੇ 23 ਅਪ੍ਰੈਲ ਨੂੰ ਮੁਅੱਤਲ ਕਰ ਦਿਤਾ ਸੀ। ਇਸ ਤੋਂ ਪਹਿਲਾਂ ਉਸ ਨੂੰ ਰਿਹਾਇਸ਼ੀ ਨਿਯਮ ਦੀ ਉਲੰਘਣਾ ਲਈ 18 ਅਪ੍ਰੈਲ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਨੇ ਅਪਣੇ ਬਚਾਅ ਵਿਚ ਕਿਹਾ ਸੀ ਕਿ ਉਸ ਨੇ ਕਦੇ ਵੀ ਜਾਂਚ ਲਈ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ ਸਗੋਂ ਡੋਪ ਕੰਟਰੋਲ ਅਧਿਕਾਰੀ ਨੂੰ ਨਮੂਨੇ ਇਕੱਤਰ ਕਰਨ ਲਈ ਲਿਆਂਦੀ ਗਈ ਐਕਸਪਾਇਰ ਕਿੱਟ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ ਸੀ। ਬਜਰੰਗ ਨੇ ਕਿਹਾ ਕਿ ਉਨ੍ਹਾਂ ਨੂੰ ਯੂਡਬਲਿਊਡਬਲਿਊ ਤੋਂ ਮੁਅੱਤਲੀ ਬਾਰੇ ਕੋਈ ਸੰਚਾਰ ਨਹੀਂ ਮਿਲਿਆ ਹੈ ਪਰ ਵਿਸ਼ਵ ਪ੍ਰਬੰਧਕ ਸੰਸਥਾ ਨੇ ਅਪਣੀ ਅੰਦਰੂਨੀ ਪ੍ਰਣਾਲੀ ਵਿਚ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ ਕਿ ਉਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਬਜਰੰਗ ਦੇ ਤਾਜ਼ਾ ਬਾਇਓ ਦੇ ਅਨੁਸਾਰ, 'ਉਪਰੋਕਤ ਕਾਰਨਾਂ ਕਰਕੇ 31 ਦਸੰਬਰ 2024 ਤਕ ਮੁਅੱਤਲ ਕਰ ਦਿਤਾ ਗਿਆ ਹੈ’। ਇਸ ਵਿਚ ਕਿਹਾ ਗਿਆ, ‘ਨਾਡਾ, ਭਾਰਤ ਨੇ ਕਥਿਤ ਏਡੀਆਰਵੀ (ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ) ਲਈ ਅਸਥਾਈ ਤੌਰ 'ਤੇ ਮੁਅੱਤਲ ਕਰ ਦਿਤਾ ਹੈ’। ਦਿਲਚਸਪ ਗੱਲ ਇਹ ਹੈ ਕਿ ਮਿਸ਼ਨ ਓਲੰਪਿਕ ਸੈੱਲ (ਐਮਓਸੀ) ਨੂੰ 25 ਅਪ੍ਰੈਲ ਨੂੰ ਅਪਣੀ ਮੀਟਿੰਗ ਵਿਚ ਸੂਚਿਤ ਕੀਤਾ ਗਿਆ ਸੀ ਕਿ ਬਜਰੰਗ ਨੂੰ 28 ਮਈ ਤੋਂ ਰੂਸ ਦੇ ਦਾਗੇਸਤਾਨ ਵਿਚ ਸਿਖਲਾਈ ਲੈਣ ਦੇ ਪ੍ਰਸਤਾਵ ਲਈ ਉਡਾਣ ਦੇ ਕਿਰਾਏ (ਅਸਲ) ਤੋਂ ਇਲਾਵਾ 8.82 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।
ਐਮਓਸੀ ਦੀ ਬੈਠਕ ਦੀ ਜਾਣਕਾਰੀ ਮੁਤਾਬਕ ਬਜਰੰਗ ਦਾ ਸ਼ੁਰੂਆਤੀ ਪ੍ਰਸਤਾਵ 24 ਅਪ੍ਰੈਲ ਤੋਂ 35 ਦਿਨਾਂ ਦੀ ਟ੍ਰੇਨਿੰਗ ਦਾ ਸੀ ਪਰ ਰਿਹਾਇਸ਼ ਨਿਯਮਾਂ 'ਚ ਅਸਫਲਤਾ ਕਾਰਨ ਯਾਤਰਾ ਦੀਆਂ ਵਿਰੋਧੀ ਤਰੀਕਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਅਪਣੀ ਯਾਤਰਾ 24 ਅਪ੍ਰੈਲ 2024 ਤੋਂ 28 ਮਈ 2024 ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਸ ਪ੍ਰਸਤਾਵ ਵਿਚ ਉਸ ਦੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਕਾਜ਼ੀ ਕੀਰੋਨ ਮੁਸਤਫਾ ਹਸਨ ਅਤੇ ਉਸ ਦੇ ਟ੍ਰੇਨਿੰਗ ਪਾਰਟਨਰ ਜਿਤੇਂਦਰ ਦੀ ਯਾਤਰਾ ਵੀ ਸ਼ਾਮਲ ਸੀ।
(For more Punjabi news apart from UWW suspends Bajrang Punia, stay tuned to Rozana Spokesman)