T20 World Cup 2024, IND vs PAK: ਭਾਰਤ ਦੀ ਪਾਕਿ 'ਤੇ ਸੱਤਵੀਂ ਜਿੱਤ, ਛੇ ਦੌੜਾਂ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਰਹੇ ਪਲੇਅਰ ਆਫ਼ ਦਿ ਮੈਚ
T20 World Cup 2024, IND vs PAK: ਨਵੀਂ ਦਿੱਲੀ - ਭਾਰਤ ਨੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ 'ਤੇ ਸੱਤਵੀਂ ਜਿੱਤ ਦਰਜ ਕੀਤੀ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿ ਸਿਰਫ਼ 119 ਦੌੜਾਂ 'ਤੇ ਸਿਮਟ ਕੇ ਭਾਰਤ ਨੇ ਪਾਕਿਸਤਾਨ ਨੂੰ 120 ਦੌੜਾਂ ਦੇ ਟੀਚੇ ਨੂੰ ਛੂਹਣ ਨਹੀਂ ਦਿੱਤਾ ਅਤੇ ਛੇ ਦੌੜਾਂ ਨਾਲ ਜਿੱਤ ਦਰਜ ਕੀਤੀ। ਪਲੇਅਰ ਆਫ਼ ਦਾ ਮੈਚ ਜਸਪ੍ਰੀਤ ਬੁਮਰਾਹ ਰਹੇ, ਚਾਰ ਓਵਰਾਂ 'ਚ ਸਿਰਫ਼ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਭਾਰਤੀ ਜਿੱਤ ਦਾ ਹੀਰੋ ਬਣਿਆ।
ਪਾਕਿਸਤਾਨ ਨੂੰ 30 ਗੇਂਦਾਂ 'ਤੇ 37 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਛੇ ਵਿਕਟਾਂ ਬਾਕੀ ਸਨ, ਪਰ ਭਾਰਤੀ ਗੇਂਦਬਾਜ਼ਾਂ ਨੇ 30 ਦੌੜਾਂ ਦਿੱਤੀਆਂ ਅਤੇ ਪਾਕਿਸਤਾਨ ਨੂੰ ਸੱਤ ਵਿਕਟਾਂ 'ਤੇ 113 ਦੌੜਾਂ ਤੱਕ ਸੀਮਤ ਕਰ ਦਿੱਤਾ। ਟੀ-20 ਵਿਸ਼ਵ ਕੱਪ ਦੇ ਅੱਠ ਮੈਚਾਂ ਵਿਚ ਭਾਰਤ ਦੀ ਪਾਕਿਸਤਾਨ 'ਤੇ ਇਹ ਸੱਤਵੀਂ ਜਿੱਤ ਹੈ ਅਤੇ ਵਨਡੇ-ਟੀ-20 ਵਿਸ਼ਵ ਕੱਪ ਸਮੇਤ 16 ਮੈਚਾਂ ਵਿਚ ਭਾਰਤ ਦੀ ਪਾਕਿਸਤਾਨ 'ਤੇ 15ਵੀਂ ਜਿੱਤ ਹੈ।
ਟੀ-20 ਵਿਸ਼ਵ ਕੱਪ 2024 ਵਿਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। 120 ਦੌੜਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦਾ ਸਕੋਰ 17 ਦੌੜਾਂ ਸੀ ਜਦੋਂ ਸ਼ਿਵਮ ਦੂਬੇ ਨੇ ਬੁਮਰਾਹ ਦੀ ਗੇਂਦ 'ਤੇ ਰਿਜ਼ਵਾਨ ਦੀ ਗੇਂਦ 'ਤੇ ਬਹੁਤ ਹੀ ਆਸਾਨ ਕੈਚ ਦੇ ਦਿੱਤਾ। ਰਿਜ਼ਵਾਨ ਉਦੋਂ ਸੱਤ ਦੌੜਾਂ 'ਤੇ ਸਨ। ਹਾਲਾਂਕਿ ਬੁਮਰਾਹ ਨੇ ਪੰਜਵੇਂ ਓਵਰ 'ਚ ਬਾਬਰ (13) ਨੂੰ ਆਊਟ ਕਰ ਕੇ ਪਹਿਲੀ ਸਫਲਤਾ ਹਾਸਲ ਕੀਤੀ।
ਪਾਕਿਸਤਾਨ ਨੇ 8.5 ਓਵਰਾਂ ਵਿੱਚ 50 ਦੌੜਾਂ ਪੂਰੀਆਂ ਕਰ ਲਈਆਂ। ਉਸ ਨੇ 10 ਓਵਰਾਂ 'ਚ ਇਕ ਵਿਕਟ 'ਤੇ 57 ਦੌੜਾਂ ਬਣਾਈਆਂ। 11ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਕਸ਼ਰ ਨੇ ਉਸਮਾਨ ਖਾਨ (13) ਨੂੰ ਐੱਲਬੀਡਬਲਿਊ ਆਊਟ ਕਰ ਦਿੱਤਾ ਪਰ ਉਸੇ ਓਵਰ 'ਚ ਫਖਰ ਜ਼ਮਾਨ ਨੇ ਅਕਸ਼ਰ 'ਤੇ ਛੱਕਾ ਜੜ ਦਿੱਤਾ। ਹਾਰਦਿਕ ਨੇ 13ਵੇਂ ਓਵਰ ਵਿੱਚ ਜ਼ਮਾਨ (13) ਨੂੰ ਆਊਟ ਕਰਕੇ ਉਮੀਦਾਂ ਜਗਾਈਆਂ।