ਯੂਥ ਵਿਸ਼ਵ ਚੈਂਪੀਅਨਸ਼ਿਪ ਰਿਕਰਵ ਈਵੈਂਟ: ਪਾਰਥ ਸਾਲੁੰਖੇ ਨੇ ਜਿੱਤਿਆ ਸੋਨ ਤਮਗ਼ਾ
ਬਣਿਆ ਈਵੈਂਟ ਜਿੱਤਣ ਵਾਲਾ ਦੇਸ਼ ਦਾ ਪਹਿਲਾ ਭਾਰਤੀ
ਲਿਮੇਰਿਕ/ਆਇਰਲੈਂਡ - ਪਾਰਥ ਸਾਲੁੰਖੇ ਨੇ ਦੀਪਿਕਾ ਕੁਮਾਰੀ ਤੋਂ ਬਾਅਦ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਰਿਕਰਵ ਈਵੈਂਟ ਵਿਚੋਂ ਸੋਨ ਤਮਗਾ ਜਿੱਤਿਆ ਹੈ। ਪਾਰਥ ਇਸ ਈਵੈਂਟ 'ਚੋਂ ਤਮਗ਼ਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਬਣ ਗਿਆ ਹੈ, ਜਿਸ ਨਾਲ ਭਾਰਤ ਨੇ ਆਪਣੀ ਮੁਹਿੰਮ ਨੂੰ 11 ਤਮਗਿਆਂ ਨਾਲ ਸਮਾਪਤ ਕੀਤਾ। ਇਹ ਯੁਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੇਸ਼ ਦਾ ਸਰਵੋਤਮ ਪ੍ਰਦਰਸ਼ਨ ਹੈ।
ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿਚ ਕੋਰੀਆਈ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਰੈਂਕਿੰਗ ਦੌਰ 'ਚ ਸਿਖਰ 'ਤੇ ਰਹੇ ਸਾਲੁੰਖੇ ਨੇ ਸੱਤਵਾਂ ਦਰਜਾ ਪ੍ਰਾਪਤ ਸੌਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਰੋਮਾਂਚਕ ਮੁਕਾਬਲੇ 'ਚ 7-3 (26-26, 25-28, 28-26, 29-26, 28-26) ਨਾਲ ਹਰਾਇਆ।
ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿਚ ਵੀ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਭਾਜਾ ਕੌਰ ਨੇ ਚੀਨੀ ਤਾਈਪੇ ਦੀ ਸੁ ਹਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਮੁਹਿੰਮ 6 ਸੋਨ ਤਮਗਿਆਂ, 1 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਨਾਲ ਸਮਾਪਤ ਹੋਈ, ਜੋ ਕੁੱਲ ਤਮਗਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਹੈ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ 'ਚ ਕੋਰੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ।