Rohtash Chaudhary ਨੇ ਪਿੱਠ ’ਤੇ 27 ਕਿਲੋਗ੍ਰਾਮ ਭਾਰ ਰੱਖ ਕੇ ਮਾਰੇ 847 ਡੰਡ, ਬਣਾਇਆ ਰਿਕਾਰਡ
ਸੜਕ ਹਾਦਸਾ ਵੀ ਰੋਹਤਾਸ ਦੇ ਹੌਸਲੇ ਨੂੰ ਨਹੀਂ ਲਾ ਸਕਿਆ ਢਾਹ
ਨਵੀਂ ਦਿੱਲੀ : ਭਾਰਤ ਦੇ ਪੁਸ਼ਅੱਪ ਮੈਨ ਵਜੋਂ ਜਾਣੇ ਜਾਂਦੇ ਰੋਹਤਾਸ਼ ਚੌਧਰੀ ਨੇ ਆਪਣੀ ਪਿੱਠ ’ਤੇ 27 ਕਿਲੋਗ੍ਰਾਮ ਭਾਰ ਰੱਖ ਕੇ 847 ਡੰਡ ਮਾਰ ਕੇ ਇਤਿਹਾਸ ਰਚਿਆ ਹੈ। ਫਿੱਟ ਇੰਡੀਆ ਅੰਬੈਸਡਰ ਰੋਹਤਾਸ਼ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣੀ ਪਿੱਠ ’ਤੇ 27 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਇੱਕ ਘੰਟੇ ਵਿੱਚ 847 ਪੁਸ਼-ਅੱਪ ਕਰਕੇ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ।
ਇਸ ਪ੍ਰਾਪਤੀ ਦੇ ਨਾਲ ਰੋਹਤਾਸ਼ ਨੇ ਸੀਰੀਆ ਦੇ 820 ਪੁਸ਼ਅੱਪ ਦੇ ਆਪਣੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਅਤੇ ਭਾਰਤ ਨੂੰ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਦਿਵਾਇਆ। ਅਧਿਕਾਰਤ ਗਿਨੀਜ਼ ਵਰਲਡ ਰਿਕਾਰਡ ਵੈਰੀਫਿਕੇਸ਼ਨ ਟੀਮ ਨੇ ਮੌਕੇ ’ਤੇ ਰਿਕਾਰਡ ਦੀ ਪੁਸ਼ਟੀ ਕੀਤੀ, ਜਿਸ ਨਾਲ ਇਹ ਨਾ ਸਿਰਫ਼ ਰੋਹਤਾਸ਼ ਲਈ ਸਗੋਂ ਫਿੱਟ ਇੰਡੀਆ ਮੂਵਮੈਂਟ ਤੋਂ ਪ੍ਰੇਰਿਤ ਹਰ ਭਾਰਤੀ ਲਈ ਮਾਣ ਵਾਲਾ ਪਲ ਬਣ ਗਿਆ। ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ. ਮਨਸੁਖ ਮੰਡਾਵੀਆ ਵੀ ਮੌਜੂਦ ਸਨ ਅਤੇ ਰੋਹਤਾਸ਼ ਨੂੰ ਉਸਦੀ ਅਸਾਧਾਰਨ ਪ੍ਰਾਪਤੀ ਲਈ ਸਨਮਾਨਿਤ ਕੀਤਾ।
ਰੋਹਤਾਸ਼ ਨੂੰ ਉਸ ਦੇ ਰਿਕਾਰਡ ਤੋੜ ਪ੍ਰਦਰਸ਼ਨ ਲਈ ਵਧਾਈ ਦਿੰਦੇ ਹੋਏ ਡਾ. ਮਾਂਡਵੀਆ ਨੇ ਕਿਹਾ ਕਿ ਰੋਹਤਾਸ਼ ਚੌਧਰੀ ਫਿੱਟ ਇੰਡੀਆ ਦੀ ਭਾਵਨਾ ਨੂੰ ਦਰਸਾਉਂਦਾ ਹੈ। ਰੋਹਤਾਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਇੱਕ ਫਿੱਟ, ਮਜ਼ਬੂਤ ਅਤੇ ਸਵੈ-ਨਿਰਭਰ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਵੀ ਅੱਗੇ ਵਧਾ ਰਿਹਾ ਹੈ। ਇਸ ਰਿਕਾਰਡ ਕੋਸ਼ਿਸ਼ ਪ੍ਰਤੀ ਉਸਦੀ ਸਮਰਪਣ ਅਤੇ ਤੰਦਰੁਸਤੀ ਪ੍ਰਤੀ ਉਸਦੀ ਨਿਰੰਤਰ ਵਚਨਬੱਧਤਾ ਉਸ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਬਣਾਉਂਦੀ ਹੈ।