ਆਸਟਰੇਲੀਆ ’ਚ ਪਾਕਿਸਤਾਨੀ ਟੀਮ ਕੋਲ ਡਾਕਟਰ ਨਹੀਂ, ਜਾਣੋ ਕੀ ਰਿਹਾ ਕਾਰਨ
ਪਾਕਿ ਜੂਨੀਅਰ ਟੀਮ ਦਾ ਮੈਨੇਜਰ ਵੀ ਟੀਮ ਨਾਲ ਯੂ.ਏ.ਈ.ਨਹੀਂ ਪੁੱਜ ਸਕਿਆ
ਕਰਾਚੀ: ਵੀਜ਼ਾ ਅਤੇ ਪਾਸਪੋਰਟ ਮੁੱਦਿਆਂ ਕਾਰਨ ਆਸਟ੍ਰੇਲੀਆ ਗਈ ਪਾਕਿਸਤਾਨ ਦੀ ਸੀਨੀਅਰ ਟੀਮ ਕੋਲ ਕੋਈ ਡਾਕਟਰ ਨਹੀਂ ਹੈ ਜਦਕਿ ਅੰਡਰ-19 ਟੀਮ ਬਗ਼ੈਰ ਟੀਮ ਮੈਨੇਜਰ ਤੋਂ ਯੂ.ਏ.ਈ. ਪਹੁੰਚ ਗਈ ਹੈ। ਸੋਹੇਲ ਸਲੀਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰਿਆਂ ਲਈ ਟੀਮ ਦਾ ਅਧਿਕਾਰਤ ਡਾਕਟਰ ਨਿਯੁਕਤ ਕੀਤਾ ਗਿਆ ਸੀ ਪਰ ਉਹ ਅਜੇ ਤਕ ਟੀਮ ਨਾਲ ਜੁੜ ਨਹੀਂ ਸਕੇ ਹਨ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਭਰੋਸੇਯੋਗ ਸੂਤਰਾਂ ਨੇ ਦਸਿਆ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਫਿਲਹਾਲ ਡਾ. ਸਲੀਮ ਨੂੰ ਵੀਜ਼ਾ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਜ਼ਾ ਮਿਲਣ ਤੋਂ ਤੁਰਤ ਬਾਅਦ ਉਹ ਪਰਥ ’ਚ ਪਹਿਲੇ ਟੈਸਟ ਮੈਚ ’ਚ ਟੀਮ ਨਾਲ ਜੁੜ ਜਾਣਗੇ।
ਇਸੇ ਤਰ੍ਹਾਂ ਸਾਬਕਾ ਟੈਸਟ ਬੱਲੇਬਾਜ਼ ਸ਼ੋਏਬ ਮੁਹੰਮਦ ਨੂੰ ਯੂ.ਏ.ਈ. ’ਚ ਏਸ਼ੀਆ ਕੱਪ ’ਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਜੂਨੀਅਰ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਸੀ ਪਰ ਉਹ ਟੀਮ ਨਾਲ ਯਾਤਰਾ ਨਹੀਂ ਕਰ ਸਕੇ। ਇਕ ਸੂਤਰ ਨੇ ਕਿਹਾ ਕਿ ਸ਼ੋਏਬ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਗਈ ਸੀ ਅਤੇ ਬੋਰਡ ਇਸ ਨੂੰ ਸੁਲਝਾਉਣ ਲਈ ਕੰਮ ਕਰ ਰਿਹਾ ਹੈ। ਉਮੀਦ ਹੈ ਕਿ ਉਹ ਜਲਦੀ ਹੀ ਯੂ.ਏ.ਈ. ’ਚ ਟੀਮ ਨਾਲ ਜੁੜ ਜਾਵੇਗਾ।
ਏਨਾ ਹੀ ਨਹੀਂ ਅਬਰਾਰ ਅਹਿਮਦ ਦੀ ਥਾਂ ਪਾਕਿਸਤਾਨ ਦੀ ਟੀਮ ’ਚ ਚੁਣੇ ਗਏ ਆਫ ਸਪਿਨਰ ਸਾਜਿਦ ਖਾਨ ਵੀ ਵੀਜ਼ਾ ਕਾਰਨਾਂ ਕਰ ਕੇ ਆਸਟਰੇਲੀਆ ਨਹੀਂ ਜਾ ਸਕੇ ਹਨ।