ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇਕਰੋਜ਼ਾ ਮੈਚ ’ਚ 4 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

301 ਦੌੜਾਂ ਦੇ ਟੀਚੇ ਨੂੰ 49 ਓਵਰਾਂ ’ਚ ਹਾਸਲ ਕੀਤਾ, ਵਿਰਾਟ ਕੋਹਲੀ ਨੇ ਸਭ ਤੋਂ ਵੱਧ 93 ਦੌੜਾਂ ਬਣਾਈਆਂ

India beat New Zealand by 4 wickets in first ODI

ਵਡੋਦਰਾ: ਵਿਰਾਟ ਕੋਹਲੀ ਦੀ 91 ਗੇਂਦਾਂ ’ਚ 93 ਦੌੜਾਂ ਦੀ ਪਾਰੀ ਅਤੇ ਕਪਤਾਨ ਸ਼ੁਭਮਨ ਗਿੱਲ ਵਲੋਂ ਅਹਿਮ 56 ਦੌੜਾਂ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਲੜੀ ਦੇ ਪਹਿਲੇ ਇਕਰੋਜ਼ਾ ਮੈਚ ’ਚ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦੀ ਲੀਡ ਬਣਾ ਲਈ ਹੈ।

ਕੋਹਲੀ ਨੇ ਅਪਣੀ ਸ਼ਾਨਦਾਰ ਪਾਰੀ ਦੌਰਾਨ ਅੱਠ ਚੌਕੇ ਅਤੇ ਇਕ ਛੱਕਾ ਮਾਰਿਆ ਜਿਸ ਨਾਲ ਭਾਰਤ ਨੇ ਛੇ ਗੇਂਦਾਂ ਬਾਕੀ ਰਹਿੰਦਿਆਂ ਹੀ 301 ਦੌੜਾਂ ਦੇ ਟੀਚੇ ਨੂੰ ਪੂਰਾ ਕਰ ਲਿਆ। ਸ਼੍ਰੇਅਸ ਅਈਅਰ ਨੇ 49 ਦੌੜਾਂ ਬਣਾਈਆਂ ਅਤੇ ਕੇ.ਐਲ. ਰਾਹੁਲ ਨੇ ਨਾਬਾਦ 29 ਦੌੜਾਂ ਦਾ ਯੋਗਦਾਨ ਦਿਤਾ ਜਿਸ ਨਾਲ ਭਾਰਤ ਨੇ 49 ਓਵਰਾਂ ਵਿਚ 6 ਵਿਕਟਾਂ ਉਤੇ 306 ਦੌੜਾਂ ਬਣਾਈਆਂ।

ਨਿਊਜ਼ੀਲੈਂਡ ਲਈ, ਕਾਈਲ ਜੈਮੀਸਨ ਨੇ ਅਪਣੇ 10 ਓਵਰਾਂ ਵਿਚ 41 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਆਦਿਤਿਆ ਅਸ਼ੋਕ ਅਤੇ ਕ੍ਰਿਸਟੀਅਨ ਕਲਾਰਕ ਨੇ ਇਕ-ਇਕ ਵਿਕਟ ਲਈ।

ਇਸ ਤੋਂ ਪਹਿਲਾਂ, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ੀ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਦੋਹਾਂ ਨੇ ਅਰਧ ਸੈਂਕੜੇ ਲਗਾਏ। ਪਰ ਬਾਅਦ ਦੇ ਬੱਲੇਬਾਜ਼ ਕੁੱਝ ਖ਼ਾਸ ਨਾ ਕਰ ਸਕੇ। ਭਾਰਤੀ ਗੇਂਦਬਾਜ਼ਾਂ, ਖ਼ਾਸਕਰ ਤੇਜ਼ ਗੇਂਦਬਾਜ਼ਾਂ ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ ਨੇ ਕਸਵੀਂ ਗੇਂਦਬਾਜ਼ੀ ਕੀਤੀ। ਹਾਲਾਂਕਿ ਡੈਰਿਲ ਮਿਸ਼ੇਲ ਨੇ ਸ਼ਾਨਦਾਰ ਜਵਾਬੀ ਅਰਧ ਸੈਂਕੜਾ ਲਗਾ ਕੇ ਨਿਊਜ਼ੀਲੈਂਡ ਨੂੰ 8 ਵਿਕਟਾਂ ਉਤੇ 300 ਦੌੜਾਂ ਦੇ ਸਕੋਰ ਉਤੇ ਪਹੁੰਚਾਇਆ।