US Open Final: 19 ਸਾਲਾ ਟੈਨਿਸ ਖਿਡਾਰੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਿੱਤਿਆ ਪਹਿਲਾ ਗ੍ਰੈਂਡਸਲੈਮ ਖ਼ਿਤਾਬ

Coco Gauff

ਨਿਊਯਾਰਕ : ਅਮਰੀਕਾ ਦੀ ਕਿਸ਼ੋਰੀ ਕੋਕੋ ਗੌਫ਼ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫ਼ਾਈਨਲ ’ਚ ਆਰਿਨਾ ਸਬਾਲੇਂਕਾ ਨੂੰ ਹਰਾ ਕੇ ਅਪਣੇ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਫ਼ਲੋਰੀਡਾ ਦੀ ਰਹਿਣ ਵਾਲੇ 19 ਸਾਲਾ ਗੌਫ਼ ਨੇ ਖ਼ਰਾਬ ਸ਼ੁਰੂਆਤ ਤੋਂ ਉਭਰ ਕੇ 2-6, 6-3, 6-2 ਨਾਲ ਜਿੱਤ ਦਰਜ ਕੀਤੀ। ਇਸ ਹਾਰ ਦੇ ਬਾਵਜੂਦ ਇਸ ਮੁਕਾਬਲੇ ’ਚ ਦੂਜਾ ਦਰਜਾ ਪ੍ਰਾਪਤ ਸਬਲੇਨਕਾ ਦਾ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਯੂਟੀਏ ਰੈਂਕਿੰਗ ’ਚ ਵਿਸ਼ਵ ਦੀ ਨੰਬਰ ਇਕ ਇਗਾ ਸਵਿਆਤੇਕ ਦੀ ਜਗ੍ਹਾ ਤੈਅ ਹੈ।

ਛੇਵਾਂ ਦਰਜਾ ਪ੍ਰਾਪਤ ਗੌਫ਼ ਨੇ ਮੈਚ ਤੋਂ ਬਾਅਦ ਕਿਹਾ, ‘ਮੈਂ ਇਸ ਸਮੇਂ ਖ਼ੁਸ਼ੀ ਨਾਲ ਭਰੀ ਹੋਈ ਹਾਂ ਅਤੇ ਥੋੜ੍ਹੀ ਰਾਹਤ ਵੀ ਮਹਿਸੂਸ ਕਰ ਰਹੀ ਹਾਂ। ਕਿਉਂਕਿ ਇਮਾਨਦਾਰੀ ਨਾਲ ਕਹਾਂ ਤਾਂ ਇਸ ਵਾਰ ਮੈਂ ਦੂਜਿਆਂ ਲਈ ਨਹੀਂ ਸਗੋਂ ਅਪਣੇ ਲਈ ਜਿੱਤਣਾ ਚਾਹੁੰਦੀ ਸੀ। 1999 ਵਿਚ ਸੇਰੇਨਾ ਵਿਲੀਅਮਜ਼ ਦੇ ਖ਼ਿਤਾਬ ਜਿੱਤਣ ਤੋਂ ਬਾਅਦ ਗੌਫ਼ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਚੈਂਪੀਅਨ ਬਣਨ ਵਾਲੀ ਪਹਿਲੀ ਅਮਰੀਕੀ ਕਿਸ਼ੋਰੀ ਹੈ।

ਗੌਫ਼ ਦਾ ਮੈਚ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ, ਜਿਨ੍ਹਾਂ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਬਾਅਦ ’ਚ ਖਿਡਾਰੀ ਲਈ ਵਧਾਈ ਸੰਦੇਸ਼ ਭੇਜਿਆ ਸੀ। ਚੈਂਪੀਅਨ ਬਣਨ ’ਤੇ ਗੌਫ਼ ਨੂੰ ਚਮਕਦਾਰ ਟਰਾਫ਼ੀ ਅਤੇ 30 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਨੋਵਾਕ ਜੋਕੋਵਿਚ ਅਤੇ ਦਾਨਿਲ ਮੇਦਵੇਦੇਵ ਵਿਚਾਲੇ ਪੁਰਸ਼ ਸਿੰਗਲਜ਼ ਫ਼ਾਈਨਲ ਦੇ ਜੇਤੂ ਨੂੰ ਵੀ ਇਹੀ ਇਨਾਮੀ ਰਾਸ਼ੀ ਮਿਲੇਗੀ।