ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਦਿਨ ਦਾ ਖੇਡ ਮੀਂਹ ਕਾਰਨ ਰੱਦ
ਪਾਣੀ ਭਰਨ ਕਾਰਨ ਮੈਚ ਹੋਇਆ ਰੱਦ
ਗ੍ਰੇਟਰ ਨੋਇਡਾ: ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਇਕਲੌਤੇ ਕ੍ਰਿਕਟ ਟੈਸਟ ਮੈਚ ’ਚ ਮੀਂਹ ਦੀ ਮਾਰ ਲਗਾਤਾਰ ਡਿੱਗ ਰਹੀ ਹੈ ਅਤੇ ਤੀਜੇ ਦਿਨ ਦਾ ਖੇਡ ਵੀ ਬੁਧਵਾਰ ਨੂੰ ਭਾਰੀ ਮੀਂਹ ਕਾਰਨ ਰੱਦ ਹੋਣ ਕਾਰਨ ਮੈਚ ਦੇ ਪੂਰੀ ਤਰ੍ਹਾਂ ਰੱਦ ਹੋਣ ਦੇ ਆਸਾਰ ਹਨ।
ਪਹਿਲੇ ਦੋ ਦਿਨ ਵੀ ਆਊਟਫੀਲਡ ਗਿੱਲਾ ਹੋਣ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਸੀ। ਮੌਸਮ ਨੂੰ ਵੇਖਦੇ ਹੋਏ ਮੈਚ ਅਧਿਕਾਰੀਆਂ ਨੇ ਬੁਧਵਾਰ ਦਾ ਮੈਚ ਰੱਦ ਕਰਨ ’ਚ ਜ਼ਿਆਦਾ ਸਮਾਂ ਨਹੀਂ ਲਾਇਆ। ਅਜੇ ਤਕ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਹੈ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਕਿਹਾ, ‘‘ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਦਿਨ ਦਾ ਖੇਡ ਭਾਰੀ ਮੀਂਹ ਕਾਰਨ ਰੱਦ ਕਰ ਦਿਤਾ ਗਿਆ ਹੈ। ਅਸਮਾਨ ਸਾਫ਼ ਹੋਣ ’ਤੇ ਮੈਚ ਕੱਲ੍ਹ ਹੋਵੇਗਾ ਅਤੇ 98 ਓਵਰ ਸੁੱਟੇ ਜਾਣਗੇ।’’
ਬੀ.ਸੀ.ਸੀ.ਆਈ. ਮੈਚ ਸ਼ੁਰੂ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਅਰੁਣ ਜੇਤਲੀ ਸਟੇਡੀਅਮ ਤੋਂ ਵਾਧੂ ਕਵਰ ਮੰਗਵਾਏ ਗਏ ਸਨ ਪਰ ਜਿਨ੍ਹਾਂ ਥਾਵਾਂ ਨੂੰ ਢਕਿਆ ਨਹੀਂ ਕੀਤਾ ਜਾ ਸਕਿਆ, ਉੱਥੇ ਪਾਣੀ ਭਰ ਗਿਆ।ਨਿਊਜ਼ੀਲੈਂਡ ਦੀ ਟੀਮ ਨੇ ਮੰਗਲਵਾਰ ਨੂੰ ਅਭਿਆਸ ਕੀਤਾ ਪਰ ਬੁਧਵਾਰ ਨੂੰ ਮੈਦਾਨ ’ਤੇ ਨਹੀਂ ਆਈ। ਅਫਗਾਨਿਸਤਾਨ ਟੀਮ ਦੇ ਕੋਚ ਜੋਨਾਥਨ ਟਰਾਟ ਤੋਂ ਇਲਾਵਾ ਕੋਈ ਵੀ ਖਿਡਾਰੀ ਨਹੀਂ ਆਇਆ।ਅਗਲੇ ਦੋ ਦਿਨਾਂ ਤਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅਜਿਹਾ ਨਹੀਂ ਲਗਦਾ ਕਿ ਮੈਚ ਅੱਗੇ ਵਧ ਸਕੇਗਾ।
ਟੈਸਟ ਕ੍ਰਿਕਟ ਦੇ ਇਤਿਹਾਸ ’ਚ ਸਿਰਫ 7 ਮੈਚ ਅਜਿਹੇ ਹੋਏ ਹਨ ਜੋ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਏ ਹਨ। ਨਿਊਜ਼ੀਲੈਂਡ ਦੀ ਟੀਮ ਦਾ 1998 ’ਚ ਡੁਨੇਡਿਨ ਟੈਸਟ ਵੀ ਮੀਂਹ ਕਾਰਨ ਰੱਦ ਕਰ ਦਿਤਾ ਗਿਆ ਸੀ।ਅਫਗਾਨਿਸਤਾਨ ਇਸ ਮੈਚ ਦਾ ਮੇਜ਼ਬਾਨ ਹੈ, ਜਿਸ ਨੂੰ ਚੋਟੀ ਦੀਆਂ ਟੀਮਾਂ ਵਿਰੁਧ ਖੇਡਣ ਦਾ ਮੌਕਾ ਨਹੀਂ ਮਿਲਦਾ। 2017 ’ਚ ਆਈ.ਸੀ.ਸੀ. ਵਲੋਂ ਟੈਸਟ ਦਰਜਾ ਦਿਤੇ ਜਾਣ ਤੋਂ ਬਾਅਦ ਇਹ ਉਸ ਦਾ ਦਸਵਾਂ ਟੈਸਟ ਹੈ।ਇਹ ਟੈਸਟ ਆਈ.ਸੀ.ਸੀ. ਵਿਸ਼ਵ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ।