ਸਰੀਰਕ ਤੰਦਰੁਸਤੀ ਲਈ ਖੇਡਾਂ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੱਚੇ ਅਪਣੇ ਮੰਨ ਪਰਚਾਵੇ ਲਈ ਗੁੱਲੀ-ਡੰਡਾ, ਲੁੱਕਣ ਮੀਟੀ, ਕੋਟਲਾ ਛਪਾਕੀ, ਪਿੱਲੇ ਗੋਲੀ, ਬਾਰਾਂ ਟਾਹਣੀ, ਖੋਹ-ਖੋਹ, ਛੂਹਣ ਸਿਪਾਹੀ ਆਦਿ ਵੱਖ ਵੱਖ ਖੇਡਾਂ ਖੇਡ ਸਕਦੇ ਹਨ।

Sports are important for physical fitness

ਮੈਂ  ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ਵਿਚ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ। ਬੱਚੇ ਅਪਣੇ ਮੰਨ ਪਰਚਾਵੇ ਲਈ ਗੁੱਲੀ-ਡੰਡਾ, ਲੁੱਕਣ ਮੀਟੀ, ਕੋਟਲਾ ਛਪਾਕੀ, ਪਿੱਲੇ ਗੋਲੀ, ਨੱਕਾ ਪੂਰ, ਬਾਰਾਂ ਟਾਹਣੀ, ਖਿੱਦੋ ਖੂੰਡੀ, ਪਿੰਨੀ ਭਿੱਜੀ, ਸ਼ਟਾਪੂ, ਖੱਡਾ ਖੱਡੀ, ਖੋਹ-ਖੋਹ, ਛੂਹਣ ਸਿਪਾਹੀ ਆਦਿ ਵੱਖ ਵੱਖ ਟੋਲੀਆਂ ਬਣਾ ਕੇ ਖੇਡਦੇ ਸੀ। ਪਿੰਡਾਂ ਵਿਚ ਬਾਜ਼ੀਗਰ ਬਾਜ਼ੀ ਪਾਉਂਦੇ ਸੀ।

ਰਾਤ ਨੂੰ ਰਾਸਧਾਰੀਏ ਰਾਸ ਪਾਉਂਦੇ ਸੀ ਤੇ ਮਰਦ ਔਰਤ ਦਾ ਰੂਪ ਧਾਰ ਕੇ ਢੋਲਕੀਆਂ ਛੈਣੀਆਂ ਨਾਲ ਨਚਦਾ ਤੇ ਗਾਉਂਦਾ ਸੀ। ਇਹ ਖੇਡਾਂ ਮਨੋਰੰਜਨ ਦੇ ਨਾਲ ਨਾਲ ਬੱਚਿਆਂ ਦੀ ਸਿਹਤ ਅਤੇ ਕਸਰਤ ਪੱਖੋਂ ਚੰਗਾ ਅਸਰ ਪਾਉਂਦੀਆਂ ਸਨ। ਵਰਤਮਾਨ ਪੀੜ੍ਹੀ ਇਨ੍ਹਾਂ ਘਰੇਲੂ ਖੇਂਡਾ ਤੋਂ ਕੋਹਾਂ ਦੂਰ ਖੜੀ ਅਪਣੇ ਪੇਂਡੂ ਕਲਚਰ ਤੋਂ ਬਿਲਕੁਲ ਅਣਜਾਣ ਹੈ।

ਇਨ੍ਹਾਂ ਉਪਰੋਕਤ ਖੇਡਾਂ ਦੀ ਥਾਂ ਕੰਪਿਊਟਰ, ਮੋਬਾਈਲ, ਇੰਟਰਨੈਟ ਆਦਿ ਨੇ ਲੈ ਲਈ ਹੈ। ਬੱਚੇ ਸਾਰਾ ਦਿਨ ਇਨ੍ਹਾਂ ਨਾਲ ਗੇਮਾਂ ਖੇਡ ਕੇ ਮਨੋਰੋਗੀ ਹੋ ਗਏ ਹਨ। ਕਈ ਬੱਚੇ ਸੈਲਫ਼ੀ ਲੈਂਦੇ ਨਹਿਰਾਂ ਨਦੀਆਂ 'ਚ ਰੁੜ੍ਹ ਗਏ ਹਨ। ਲੋੜ ਹੈ ਇਸ ਪ੍ਰਤੀ ਬੱਚਿਆਂ ਨੂੰ ਸਿਖਿਆ ਦੇ ਕੇ ਇਸ ਦੀ ਦੁਰਵਰਤੋਂ ਰੋਕਣ ਦੀ। ਪਹਿਲਾਂ ਸਕੂਲਾਂ ਵਿਚ ਬਾਲ ਸਭਾਵਾਂ ਲਗਦੀਆਂ ਹੁੰਦੀਆਂ ਸਨ। ਇਨ੍ਹਾਂ ਬਾਲ ਸਭਾਵਾਂ ਵਿਚ ਬੱਚਿਆਂ ਦੇ ਮਨੋਰੰਜਨ ਨਾਲ ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਸੀ।

ਜਿਨ੍ਹਾਂ ਸੂਰਬੀਰਾਂ ਨੇ ਦੇਸ਼ ਲਈ ਕੁਰਬਾਨੀਆਂ ਦਿਤੀਆਂ, ਉਨ੍ਹਾਂ ਬਾਰੇ ਜਾਣਕਾਰੀ ਮਿਲਦੀ ਸੀ ਜਿਸ ਨਾਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਸੀ। ਬੱਚਿਆਂ ਨੂੰ ਸਰੀਰਕ ਪੱਖੋਂ ਠੀਕ ਤੰਦਰੁਸਤ ਰੱਖਣ ਲਈ ਸਵੇਰੇ ਪ੍ਰਾਥਨਾ ਤੋਂ ਬਾਅਦ ਪੀ.ਟੀ. ਪਰੇਡ ਕਰਵਾਈ ਜਾਂਦੀ ਸੀ ਅਤੇ ਸਕੂਲ ਵਿਚ ਖੇਡਾਂ ਕਰਵਾਈਆਂ ਜਾਂਦੀਆਂ ਸਨ।

ਅੱਜ ਦੇ ਬੱਚੇ ਟੀਵੀ ਸੀਰੀਅਲ ਵੇਖ ਉਸ ਦੀ ਚੰਗੀ ਸੋਚ ਗ੍ਰਹਿਣ ਕਰਨ ਦੀ ਥਾਂ ਨੈਗੇਟਿਵ ਸੋਚ ਨੂੰ ਵਧੇਰੇ ਮਹੱਤਤਾ ਦਿੰਦੇ ਹਨ। ਬੱਚਿਆਂ ਨੂੰ ਅਪਣੇ ਇਤਿਹਾਸ ਨਾਲ ਸਬੰਧਤ ਨੁਕੜ ਨਾਟਕ, ਡਰਾਮੇ, ਡਾਕੂਮੈਂਟਰੀ ਫ਼ਿਲਮਾਂ ਵਿਖਾਉਣੀਆਂ ਚਾਹੀਦੀਆ ਹਨ। ਬੱਚਾ ਸਕੂਲ ਵਿਚੋਂ ਹੀ ਸੱਭ ਕੁੱਝ ਸਿਖਦਾ ਹੈ। ਜੇਕਰ ਬੱਚਾ ਚੰਗੀ ਸਿਖਿਆ ਹਾਸਲ ਕਰੇਗਾ ਤਾਂ ਦੇਸ਼ ਤਰੱਕੀ ਕਰੇਗਾ।

ਬੱਚਿਆਂ ਨੂੰ ਵੀ ਅਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਮੰਨ ਕੇ ਉਪਰੋਕਤ ਗੱਲਾਂ ਨੂੰ ਅਪਣੀ ਜ਼ਿੰਦਗੀ ਵਿਚ ਗ੍ਰਹਿਣ ਕਰਨਾ ਚਾਹੀਦਾ ਹੈ। ਬੱਚੇ ਸਾਡੇ ਦੇਸ਼ ਦੀਆਂ ਨੀਂਹਾਂ ਅਤੇ ਰੀੜ੍ਹ ਦੀ ਹੱਡੀ ਹਨ। ਇਹ ਗੱਲ ਬੱਚਿਆਂ ਨੂੰ ਵੀ ਅਪਣੇ ਮੰਨ ਵਿਚ ਬਿਠਾਉਣ ਦੀ ਜ਼ਰੂਰਤ ਹੈ।
-ਗੁਰਮੀਤ ਸਿੰਘ ਵੇਰਕਾ , ਮੋਬਾਈਲ : 9878600221