ਅਰਸ਼ਦੀਪ ਸਿੰਘ ਬਣਿਆ ਭਾਰਤੀ ਪ੍ਰਸ਼ੰਸਕਾਂ ਦਾ ਚਹੇਤਾ ਖਿਡਾਰੀ, ਆਟੋਗ੍ਰਾਫ਼ ਲੈਣ ਲਈ ਲੱਗੀ ਭੀੜ
ਆਪਣੀ ਖੇਡ ਨਾਲ ਅਰਸ਼ਦੀਪ ਸਿੰਘ ਨੇ ਕੀਤਾ ਹੈ ਦਰਸ਼ਕਾਂ ਨੂੰ ਪ੍ਰਭਾਵਿਤ
ਵਿਸ਼ਵ ਕੱਪ 'ਚ ਪਾਕਿਸਤਾਨ ਨਾਲ ਹੋਵੇਗਾ ਭਾਰਤ ਦਾ ਪਹਿਲਾ ਮੈਚ
ਨਵੀਂ ਦਿੱਲੀ: ਮਿਸ਼ਨ ਮੈਲਬੌਰਨ 'ਚ ਹਿੱਸਾ ਲੈਣ ਲਈ ਭਾਰਤੀ ਟੀਮ ਆਸਟ੍ਰੇਲੀਆ ਪਹੁੰਚ ਗਈ ਹੈ। ਜਿੱਥੇ ਖਿਡਾਰੀ ਖੂਬ ਪਸੀਨਾ ਵਹਾ ਰਹੇ ਹਨ। ਭਾਰਤੀ ਟੀਮ ਫਿਲਹਾਲ ਪਰਥ 'ਚ ਰੁਕੀ ਹੋਈ ਹੈ। ਟੀਮ ਅਜੇ ਵੀ ਆਪਣੀ ਤੇਜ਼ ਗੇਂਦਬਾਜ਼ੀ ਨੂੰ ਲੈ ਕੇ ਭੰਬਲਭੂਸੇ ਵਿਚ ਹੈ ਕਿ ਜਸਪ੍ਰੀਤ ਬੁਮਰਾਹ ਦੇ ਬਦਲ ਵਜੋਂ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਆਸਟ੍ਰੇਲੀਆ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਟੀਮ ਦੇ ਉੱਭਰਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ਼ ਦਿੰਦੇ ਨਜ਼ਰ ਆ ਰਹੇ ਹਨ।
ਖਾਸ ਗੱਲ ਇਹ ਹੈ ਕਿ ਅਰਸ਼ਦੀਪ ਦਾ ਆਟੋਗ੍ਰਾਫ ਲੈਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਹੈ। ਇੱਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਪ੍ਰਸ਼ੰਸਕਾਂ ਦਾ ਚਹੇਤਾ ਬਣ ਰਿਹਾ ਹੈ। ਅਰਸ਼ਦੀਪ ਸਿੰਘ ਨੇ ਵੀ ਪਿਛਲੇ ਕੁਝ ਸਮੇਂ ਤੋਂ ਆਪਣੀ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਹਾਲ ਹੀ 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਪਹਿਲੇ ਮੈਚ 'ਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਅਰਸ਼ਦੀਪ ਨੂੰ ਆਉਣ ਵਾਲੇ ਸਮੇਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ੀ ਦਾ ਸਟਾਰ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੂੰ ਏਸ਼ੀਆ ਕੱਪ 'ਚ ਪਾਕਿਸਤਾਨ ਦੇ ਖ਼ਿਲਾਫ਼ ਮੈਚ 'ਚ ਆਸਿਫ਼ ਅਲੀ ਦਾ ਕੈਚ ਸੁੱਟਣ 'ਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਮੌਜੂਦਾ ਸਮੇਂ ਵਿਚ, ਉਹ ਭਾਰਤੀ ਟੀਮ ਦੇ ਸਭ ਤੋਂ ਕਿਫ਼ਾਇਤੀ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਣਾ ਹੈ।