IND vs AFG : ਭਾਰਤ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
84 ਗੇਂਦਾਂ ’ਚ 131 ਦੌੜਾਂ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਬਣੇ ‘ਪਲੇਅਰ ਆਫ਼ ਦ ਮੈਚ’
ਨਵੀਂ ਦਿੱਲੀ: ਕਪਤਾਨ ਰੋਹਿਤ ਸ਼ਰਮਾ ਦੀ ਤਾਬੜਤੋੜ ਬੱਲੇਬਾਜ਼ੀ ਦੀ ਬਦੌਲਤ ਅੱਜ ਭਾਰਤ ਨੇ ਅਫ਼ਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿਤਾ। 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 35 ਓਵਰਾਂ ’ਚ ਹੀ ਦੋ ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਵਨਡੇ ਵਿਸ਼ਵ ਕੱਪ 2023 ਦਾ 9ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡਿਆ ਗਿਆ।
ਮੈਚ ਦਾ ਮੁੱਖ ਆਕਰਸ਼ਣ ਕਪਤਾਨ ਰੋਹਿਤ ਸ਼ਰਮਾ ਦੀ ਤਾਬੜਤੋੜ ਬੱਲੇਬਾਜ਼ੀ ਰਹੀ ਜਿਨ੍ਹਾਂ ਨੇ ਰੀਕਾਰਡਾਂ ਦੀ ਝੜੀ ਲਗਾ ਦਿਤੀ। ਉਨ੍ਹਾਂ 63 ਗੇਂਦਾਂ ’ਚ 100 ਦੌੜਾਂ ਦਾ ਅੰਕੜਾ ਪੂਰਾ ਕਰ ਕੇ ਵਿਸ਼ਵ ਕੱਪ ’ਚ ਕਿਸੇ ਭਾਰਤੀ ਵਲੋਂ ਬਣਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਜੜਿਆ। ਇਸ ਤੋਂ ਇਲਾਵਾ ਰੋਹਿਤ ਨੇ ਵਿਸ਼ਵ ਕੱਪ ’ਚ ਸਭ ਤੋਂ ਵੱਧ, 7 ਸੈਂਕੜੇ ਬਣਾ ਕੇ ਸਚਿਨ ਤੇਂਦੁਲਕਰ ਦਾ ਰੀਕਾਰਡ ਤੋੜਿਆ ਅਤੇ ਕ੍ਰਿਕੇਟ ’ਚ ਕਿਸੇ ਵੀ ਖਿਡਾਰੀ ਤੋਂ ਵੱਧ ਛੱਕੇ (557) ਮਾਰ ਕੇ ਵੈਸਟ ਇੰਡੀਜ਼ ਦੇ ਕ੍ਰਿਕੇਟਰ ਕ੍ਰਿਸ ਗੇਲ ਦਾ ਰੀਕਾਰਡ ਵੀ ਤੋੜ ਦਿਤਾ। ਵਿਰਾਟ ਕੋਹਲੀ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਅਪਣਾ ਲਗਾਤਾਰ ਦੂਜਾ ਅੱਧਾ ਸੈਂਕੜਾ ਜੜਿਆ। ਉਨ੍ਹਾਂ ਨੇ 56 ਗੇਂਦਾਂ ’ਤੇ 55 ਦੌੜਾਂ ਬਣਾਈਆਂ।
ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਈਸ਼ਾਨ ਕਿਸ਼ਨ 47 ਦੌੜਾਂ ਬਣਾ ਰਾਸ਼ਿਦ ਖਾਨ ਦੀ ਗੇਂਦ ’ਤੇ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 131 ਦੌੜਾਂ ਬਣਾ ਰਾਸ਼ਿਦ ਖਾਨ ਦੀ ਗੇਂਦ ’ਤੇ ਆਊਟ ਹੋਇਆ। ਰੋਹਿਤ ਨੇ 131 ਦੌੜਾਂ ਦੀ ਪਾਰੀ ਦੇ ਦੌਰਾਨ 16 ਚੌਕੇ ਅਤੇ 5 ਛੱਕੇ ਲਾਏ। ਸ਼੍ਰੇਅਸ ਅਈਅਰ ਨੇ 25 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਨੇ 2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕਪਤਾਨ ਹਸ਼ਮਤੁੱਲਾ ਸ਼ਾਹਿਦੀ ਦੀਆਂ 80 ਦੌੜਾਂ ਦੀ ਪਾਰੀ ਦੇ ਦਮ ’ਤੇ ਅਫਗਾਨਿਸਤਾਨ ਨੇ ਭਾਰਤ ਵਿਰੁਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ’ਤੇ 272 ਦੌੜਾਂ ਬਣਾਈਆਂ ਸਨ। ਸ਼ਾਹਿਦੀ ਨੇ ਅਜ਼ਮਤੁੱਲਾ ਉਮਰਜ਼ਈ ਨਾਲ ਚੌਥੀ ਵਿਕਟ ਲਈ 85 ਗੇਂਦਾਂ ਦੀ ਪਾਰੀ ’ਚ ਅੱਠ ਚੌਕੇ ਅਤੇ ਇਕ ਛੱਕਾ ਜੜ ਕੇ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਉਮਰਜ਼ਈ ਨੇ 69 ਗੇਂਦਾਂ ਦੀ ਅਪਣੀ ਪਾਰੀ ’ਚ ਦੋ ਚੌਕੇ ਤੇ ਚਾਰ ਛੱਕੇ ਲਾਏ।
ਜਸਪ੍ਰੀਤ ਬੁਮਰਾਹ ਨੇ ਇੱਕ ਵਾਰ ਫਿਰ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਦੇ ਹੋਏ 10 ਓਵਰਾਂ ਵਿੱਚ 39 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ ਦੋ ਜਦਕਿ ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੇ ਇਕ-ਇਕ ਵਿਕਟ ਲਈ।