ਝੂਲਨ ਗੋਸਵਾਮੀ ਨੇ ਰਚਿਆ ਇਤਿਹਾਸ, World Cup ਵਿਚ ਬਣੀ ਨੰਬਰ ਇਕ ਮਹਿਲਾ ਗੇਂਦਬਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੂਰਨਾਮੈਂਟ 'ਚ ਲਈਆਂ ਸਭ ਤੋਂ ਵੱਧ ਵਿਕਟਾਂ

Jhulan Goswami

 

ਨਵੀਂ ਦਿੱਲੀ : ਭਾਰਤ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਸ਼ਨੀਵਾਰ (12 ਮਾਰਚ) ਨੂੰ ਵਿਸ਼ਵ ਕੱਪ ਵਿੱਚ ਇਤਿਹਾਸ ਰਚ ਦਿੱਤਾ। ਉਸਨੇ ਅਨੀਸਾ ਮੁਹੰਮਦ ਨੂੰ ਆਊਟ ਕਰਕੇ ਵੈਸਟਇੰਡੀਜ਼ ਖਿਲਾਫ਼ ਵੱਡੀ ਸਫਲਤਾ ਹਾਸਲ ਕੀਤੀ। ਝੂਲਨ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਆਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਲਿਨ ਫੁਲਸਟਨ ਦਾ ਰਿਕਾਰਡ ਤੋੜ ਦਿੱਤਾ ਹੈ। ਝੂਲਨ ਦੇ ਕੋਲ ਹੁਣ 40 ਵਿਕਟਾਂ ਹਨ ਜਦਕਿ ਫੁਲਸਟਨ ਨੇ 39 ਵਿਕਟਾਂ ਹਾਸਲ ਕੀਤੀਆਂ ਸਨ।

39 ਸਾਲਾ ਝੂਲਨ ਅਤੇ ਲਿਨ ਫੁਲਸਟਨ ਤੋਂ ਬਾਅਦ ਇੰਗਲੈਂਡ ਦੀ ਕਾਰਲੋ ਹੋਜਸ ਮਹਿਲਾ ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ ਹੈ। ਉਸ ਨੇ ਇਸ ਟੂਰਨਾਮੈਂਟ ਵਿੱਚ ਕੁੱਲ 37 ਵਿਕਟਾਂ ਲਈਆਂ। ਝੂਲਨ ਨੇ ਨਿਊਜ਼ੀਲੈਂਡ ਖਿਲਾਫ ਫੁਲਸਟਨ ਦੀ ਬਰਾਬਰੀ ਕੀਤੀ। ਉਸ ਨੇ ਕੇਟੀ ਮਾਰਟਿਨ ਨੂੰ ਆਊਟ ਕਰਕੇ 39ਵੀਂ ਵਿਕਟ ਲਈ। ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਨੇ 12 ਟੈਸਟ ਮੈਚਾਂ 'ਚ 44, 198 ਵਨਡੇ 'ਚ 24 ਅਤੇ 68 ਟੀ-20 ਮੈਚਾਂ 'ਚ 56 ਵਿਕਟਾਂ ਹਾਸਲ ਕੀਤੀਆਂ ਹਨ।

ਭਾਰਤੀ ਟੀਮ ਨੇ ਸ਼ਨੀਵਾਰ ਨੂੰ ਵੈਸਟਇੰਡੀਜ਼ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਉਸ ਨੇ ਇਹ ਮੈਚ 155 ਦੌੜਾਂ ਨਾਲ ਜਿੱਤ ਲਿਆ। ਮੈਚ 'ਚ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ 50 ਓਵਰਾਂ 'ਚ ਅੱਠ ਵਿਕਟਾਂ 'ਤੇ 317 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 119 ਗੇਂਦਾਂ ਵਿੱਚ 123 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ 13 ਚੌਕੇ ਅਤੇ ਦੋ ਛੱਕੇ ਜੜੇ। ਹਰਮਨਪ੍ਰੀਤ ਕੌਰ ਨੇ 107 ਗੇਂਦਾਂ 'ਤੇ 109 ਦੌੜਾਂ ਬਣਾਈਆਂ। ਉਸ ਨੇ 10 ਚੌਕੇ ਤੇ ਦੋ ਛੱਕੇ ਲਾਏ।