ਭਾਜਪਾ ਵਰਕਰਾਂ ਦੀ ਬੱਸ ਬੇਕਾਬੂ ਹੋ ਕੇ ਪਲਟੀ, ਕਈ ਵਰਕਰ ਹੋਏ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

BJP ਦੀ ਜਨ ਸਭਾ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ 

road accident

ਮਲੋਟ : ਭਾਜਪਾ ਦੀ ਜਨ ਸਭਾ ਤੋਂ ਪਰਤ ਰਹੀ ਵਰਕਰਾਂ ਨਾਲ ਭਰੀ ਬੱਸ ਮਲੋਟ-ਮੁਕਤਸਰ ਰੋਡ 'ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਬੱਸ ਵਿਚ ਸਵਾਰ 40 ਸਵਾਰੀਆਂ ਵਿਚੋਂ 15 ਨੂੰ ਸੱਟਾਂ ਲੱਗੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ। ਜ਼ਖ਼ਮੀਆਂ ਨੂੰ ਤਰੁੰਤ ਹਾਦਸੇ ਵਾਲੀ ਥਾਂ ਤੋਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਨਾਂ ਦਾ ਇਲਾਜ਼ ਚੱਲ ਰਿਹਾ ਹੈ।

ਦੱਸ ਦੇਈਏ ਕਿ ਮਲੋਟ ਵਿਚ ਭਾਜਪਾ ਦੀ ਜਨ ਸਭਾ ਵਿਚ ਹਿੱਸਾ ਲੈਣ ਆਏ ਪਿੰਡ ਭੰਗਚੜ੍ਹੀ ਦੇ ਵਰਕਰਾਂ ਦੀ ਭਰੀ ਬੱਸ ਮਲੋਟ-ਮੁਕਤਸਰ ਰੋਡ 'ਤੇ ਪਿੰਡ ਈਨਾ ਖੇੜਾ ਦੇ ਨੇੜੇ ਅਚਾਨਕ ਬਸ ਦਾ ਸਟੇਰਿੰਗ ਖੁੱਲ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਕੇ ਖਤਾਨਾਂ ਵਿਚ ਪਲਟ ਗਈ। ਬੱਸ ਵਿਚ ਸਵਾਰ 40 ਵਿਅਕਤੀਆਂ ਵਿਚ ਔਰਤਾਂ ਵੀ ਸ਼ਾਮਲ ਸਨ ਇਸ ਹਾਦਸੇ ਵਿਚ 15 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ।

ਇਸ ਹਾਦਸੇ ਦਾ ਪਤਾ ਲੱਗਦਿਆਂ ਸਾਰ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਠੇਲਾ, ਅੰਗਰੇਜ਼ ਸਿੰਘ ਉੜਾਂਗ, ਸ਼ਤੀਸ਼ ਅਸੀਜਾ ਸਮੇਤ ਭਾਜਪਾ ਆਗੂ ਮੌਕੇ ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤਰੰਤ ਇਲਾਜ਼ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਤਿੰਨ ਵਿਅਕਤੀਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ।

ਬੱਸ ਚਾਲਕ ਰਾਜਵਿੰਦਰ ਸਿੰਘ ਨੇ ਹਾਦਸੇ ਦਾ ਕਾਰਨ ਬੱਸ ਦਾ ਸਟੇਅਰਿੰਗ ਖੁੱਲ ਜਾਣ ਕਾਰਨ ਵਾਪਰਿਆ ਦੱਸਿਆ ਹੈ। ਜਿਕਰਯੋਗ ਹੈ ਕਿ ਮਲੋਟ ਮੁਕਤਸਰ ਸੜਕ ਪਿਛਲੇ 15 ਸਾਲਾਂ ਤੋਂ ਟੁੱਟੀ ਹੋਈ ਹੈ।ਸੜਕ ਵਿਚ ਦੋ ਦੋ ਫੁੱਟ ਡੂੰਘੇ ਖੱਡੇ ਹਾਦਸਿਆ ਦਾ ਕਾਰਨ ਬਣ ਰਹੇ ਹਨ। ਅਕਸਰ ਹੀ ਖੱਡਿਆਂ ਕਾਰਨ ਗੱਡੀਆਂ ਦੇ ਪਾਰਟਸ ਖੁੱਲ ਜਾਂਦੇ ਹਨ ਤੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ।