ਅਭਿਆਸ ਤੇ ਲੋੜੀਂਦੇ ਸਮਾਨ ਲਈ ਹਾਕੀ ਖਿਡਾਰੀਆਂ ਨੂੰ 'ਟਾਪਸ' ਤੋਂ ਮਿਲੇਗਾ ਮਾਸਕ ਭੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖੇਡ ਮੰਤਰਾਲੇ ਦੇ ਮਿਸ਼ਨ ਉਲੰਪਿਕ ਵਿਭਾਗ (ਐਮ.ਓ.ਸੀ.) ਨੇ ਅੱਜ ਟੀਚਾ ਉਲੰਪਿਕ ਪੋਡੀਅਮ ਪ੍ਰੋਗਰਾਮ (ਟਾਪਸ) ਤਹਿਤ ਪੁਰਸ਼ ਹਾਕੀ ਟੀਮ ਦੇ 18 ਮੈਂਬਰਾਂ 'ਚੋਂ ਹਰੇਕ...

Hockey Players

ਨਵੀਂ ਦਿੱਲੀ,  ਖੇਡ ਮੰਤਰਾਲੇ ਦੇ ਮਿਸ਼ਨ ਉਲੰਪਿਕ ਵਿਭਾਗ (ਐਮ.ਓ.ਸੀ.) ਨੇ ਅੱਜ ਟੀਚਾ ਉਲੰਪਿਕ ਪੋਡੀਅਮ ਪ੍ਰੋਗਰਾਮ (ਟਾਪਸ) ਤਹਿਤ ਪੁਰਸ਼ ਹਾਕੀ ਟੀਮ ਦੇ 18 ਮੈਂਬਰਾਂ 'ਚੋਂ ਹਰੇਕ ਲਈ 50,000 ਰੁਪਏ ਮਹੀਨਾ ਭੱਤੇ ਨੂੰ ਮਨਜ਼ੂਰੀ ਦੇ ਦਿਤੀ ਹੈ।ਮੰਤਰਾਲੇ ਨੇ ਪਿਛਲੇ ਸਾਲ ਟਾਪਸ ਤਹਿਤ ਮਹੀਨਾ ਭੱਤਾ ਦੇਣਾ ਸ਼ੁਰੂ ਕੀਤਾ ਸੀ ਪਰ ਹਾਕੀ ਟੀਮ ਨੂੰ ਪਹਿਲੀ ਵਾਰ ਇਹ ਸਹੂਲਤ ਮਿਲ ਰਹੀ ਹੈ। ਨਵੇਂ ਕੋਚ ਹਰਿੰਦਰ ਸਿੰਘ ਦੀ ਦੇਖਰੇਖ 'ਚ ਹਾਕੀ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਹੋਇਆ ਹੈ ਅਤੇ ਇਸ ਲਈ ਉਸ ਨੂੰ ਇਸ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ। ਭਾਰਤੀ ਟੀਮ ਹਾਲ ਹੀ 'ਚ ਨੀਦਰਲੈਂਡ 'ਚ ਚੈਂਪੀਅਨਜ਼ ਟਰਾਫ਼ੀ 'ਚ ਉਪ-ਜੇਤੂ ਰਹੀ ਸੀ। 

ਮਹਿਲਾ ਹਾਕੀ ਨੂੰ ਵਿਸ਼ਵ ਕੱਪ ਅਤੇ ਫਿਰ ਏਸ਼ੀਆਈ ਖੇਡਾਂ 'ਚ ਪ੍ਰਦਰਸ਼ਨ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ ਟਾਪਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਮੰਤਰਾਲੇ ਨੇ ਜੋ ਹੋਰ ਮਹੱਤਵਪੂਰਨ ਫ਼ੈਸਲੇ ਕੀਤਾ ਹਨ, ਉਨ੍ਹਾਂ 'ਚ ਦੋ ਵਾਰ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਦੇ ਅਭਿਆਸ ਲਈ 6.62 ਲੱਖ ਰੁਪਏ ਦਾ ਮਨਜ਼ੂਰੀ ਦੇਣਾ ਵੀ ਸ਼ਾਮਲ ਹਨ। ਬਜਰੰਗ ਪੂਨੀਆ ਅਤੇ ਸੁਮਿਤ ਨੂੰ ਵੀ ਅਭਿਆਸ ਅਤੇ ਤੁਰਕੀ 'ਚ ਟੂਰਨਾਮੈਂਟ 'ਚ ਹਿੱਸਾ ਲੈਣ ਲਈ 3.22 ਲੱਖ ਰੁਪਏ ਮਨਜ਼ੂਰ ਕੀਤੇ ਗਏ। ਮੁੱਕੇਬਾਜ਼ ਸਰਜੂਬਾਲਾ ਦੇਵੀ ਨੂੰ ਏਸ਼ੀਆਈ ਖੇਡਾਂ ਲਈ ਕੁਆਲੀਫ਼ਾਈ ਕਰਨ 'ਤੇ ਟਾਪਸ 'ਚ ਬਰਕਰਾਰ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ। 

ਹੋਰ ਖੇਡਾਂ 'ਚ ਜਿਮਨਾਸਟਿਕ ਨੂੰ ਕੁਲ 21.76 ਲੱਖ ਰੁਪਏ ਜਾਰੀ ਕੀਤੇ ਗਏ। ਇਨ੍ਹਾਂ 'ਚ ਪ੍ਰਣਤੀ ਨਾਇਕ ਦੇ ਉਜਬੇਕਿਸਤਾਨ 'ਚ ਅਭਿਆਸ ਪ੍ਰੋਗਰਾਮ ਲਈ ਮਨਜ਼ੂਰ ਕੀਤੀ ਗਈ 7.76 ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਹੋਰ 14 ਲੱਖ ਰੁਪਏ 32 ਦਿਨਾ ਪ੍ਰੋਗਰਾਮ ਲਈ ਜਾਰੀ ਕੀਤੇ ਗਏ, ਜਿਸ 'ਚ ਆਸ਼ੀ ਕੁਮਾਰ ਅਤੇ ਅਰੂਣਾ ਰੇੱਡੀ ਲਈ ਬੈਲਜੀਅਮ 'ਚ ਅਭਿਆਸ ਕੈਂਪ ਵੀ ਸ਼ਾਮਲ ਹਨ।

ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੂੰ ਏਸ਼ੀਆਈ ਖੇਡਾਂ ਤੋਂ ਪਹਿਲਾਂ ਅਭਿਆਸ ਅਤੇ ਮੁਕਾਬਲੇ ਦੇ ਖਰਚ ਲਈ 12.57 ਲੱਖ ਰੁਪਏ ਮਿਲਣਗੇ। ਤੀਰਅੰਦਾਜ਼ੀ 'ਚ ਕੰਪਾਊਂਡ ਵਰਗ ਦੇ ਤਿੰਨ ਖਿਡਾਰੀਆਂ ਤ੍ਰਸ਼ਾ ਦੇਬ, ਰਜਤ ਚੌਹਾਨ ਅਤੇ ਜਯੋਤੀ ਸੁਰੇਖਾ ਤੇ ਤੀਰਅੰਦਾਜ਼ ਪ੍ਰੇਮਿਲਾ ਦੇਮਾਰੀ ਨੂੰ ਲੋੜਾਂ ਪੂਰੀਆਂ ਕਰਨ ਲਈ 11.48 ਲੱਖ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ।    (ਪੀਟੀਆਈ)