Radhika Yadav Tennis Player: ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਲਾਸ਼ ਦਾ ਕੀਤਾ ਗਿਆ ਪੋਸਟਮਾਰਟਮ, ਹੋਇਆ ਇਹ ਵੱਡਾ ਖੁਲਾਸਾ
ਸੂਬਾ ਪੱਧਰੀ ਟੈਨਿਸ ਖਿਡਾਰਨ ਸੀ ਰਾਧਿਕਾ
Radhika Yadav Tennis Player: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਨੇ ਪੂਰੇ ਦੇਸ਼ ਵਿੱਚ ਸਨਸਨੀ ਮਚਾ ਦਿੱਤੀ। ਉਸਦੇ ਪਿਤਾ ਨੇ ਉਸਨੂੰ ਮਾਰ ਦਿੱਤਾ, ਜੋ ਹੁਣ ਪੁਲਿਸ ਹਿਰਾਸਤ ਵਿੱਚ ਹੈ। ਉਸਦੇ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪਿਤਾ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਰਾਧਿਕਾ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ। ਰਾਧਿਕਾ ਦੇ ਸਰੀਰ ਵਿੱਚ ਕੁੱਲ ਚਾਰ ਗੋਲੀਆਂ ਮਿਲੀਆਂ ਹਨ। ਪਿਤਾ ਨੇ ਦੱਸਿਆ ਸੀ ਕਿ ਉਸ ਨੇ ਰਾਧਿਕਾ 'ਤੇ 5 ਗੋਲੀਆਂ ਚਲਾਈਆਂ ਸਨ। ਰਾਧਿਕਾ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਮਿਲੀਆਂ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਪੰਜਵੀਂ ਗੋਲੀ ਕਿੱਥੇ ਹੈ।
ਪੋਸਟਮਾਰਟਮ ਤੋਂ ਬਾਅਦ, ਰਾਧਿਕਾ ਦੀ ਮ੍ਰਿਤਕ ਦੇਹ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਉਸਦੇ ਪਿਤਾ ਦੀਪਕ ਯਾਦਵ 'ਤੇ ਰਾਧਿਕਾ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਵੀਰਵਾਰ ਨੂੰ, ਦੀਪਕ ਨੇ ਗੁਰੂਗ੍ਰਾਮ ਦੇ ਇੱਕ ਪਾਸ਼ ਖੇਤਰ ਸੁਸ਼ਾਂਤ ਲੋਕ ਵਿੱਚ ਸਥਿਤ ਆਪਣੇ ਦੋ ਮੰਜ਼ਿਲਾ ਘਰ ਵਿੱਚ ਆਪਣੀ ਧੀ ਰਾਧਿਕਾ (25) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿੱਚ, ਦੀਪਕ ਯਾਦਵ (49) ਨੇ ਆਪਣੀ ਧੀ ਦੀ ਹੱਤਿਆ ਕਰਨ ਦਾ ਇਕਬਾਲ ਕੀਤਾ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਲਈ ਉਹ ਆਪਣੀ ਧੀ ਤੋਂ ਨਾਰਾਜ਼ ਸੀ
ਇੱਕ ਅਧਿਕਾਰਤ ਬਿਆਨ ਵਿੱਚ, ਪੁਲਿਸ ਨੇ ਦਾਅਵਾ ਕੀਤਾ ਕਿ ਰਾਧਿਕਾ ਦੁਆਰਾ ਚਲਾਈ ਜਾ ਰਹੀ ਟੈਨਿਸ ਅਕੈਡਮੀ ਪਿਤਾ ਅਤੇ ਧੀ ਵਿਚਕਾਰ ਝਗੜੇ ਦਾ ਕਾਰਨ ਸੀ। ਰਾਧਿਕਾ ਦੇ ਚਾਚਾ ਕੁਲਦੀਪ ਯਾਦਵ ਦੁਆਰਾ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਐਫ਼ਆਈਆਰ ਦੇ ਅਨੁਸਾਰ, ਘਟਨਾ ਸਮੇਂ ਰਾਧਿਕਾ ਦੀ ਮਾਂ ਮੰਜੂ ਯਾਦਵ ਘਰ ਦੀ ਪਹਿਲੀ ਮੰਜ਼ਿਲ 'ਤੇ ਮੌਜੂਦ ਸੀ। ਜਦੋਂ ਪੁਲਿਸ ਨੇ ਮੰਜੂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਿਰਫ਼ ਇਹ ਕਿਹਾ ਕਿ ਉਸ ਨੂੰ ਬੁਖ਼ਾਰ ਸੀ ਅਤੇ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ। ਨਾਲ ਹੀ, ਮੰਜੂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਦਾ ਚਰਿੱਤਰ ਬਹੁਤ ਸਾਫ਼-ਸੁਥਰਾ ਸੀ।
ਪੁਲਿਸ ਨੇ ਦੋ ਦਿਨਾਂ ਦਾ ਮੰਗਿਆ ਸੀ ਰਿਮਾਂਡ
ਪੁਲਿਸ ਦੇ ਅਨੁਸਾਰ, ਰਾਧਿਕਾ ਦਾ ਸੋਸ਼ਲ ਮੀਡੀਆ ਪ੍ਰੋਫ਼ਾਈਲ ਗ਼ਾਇਬ ਹੈ, ਇਸ ਦੀ ਜਾਂਚ ਕੀਤੀ ਜਾਣੀ ਹੈ। ਅਦਾਲਤ ਨੇ ਦੀਪਕ ਯਾਦਵ ਨੂੰ 1 ਦਿਨ ਦੀ ਪੁਲਿਸ ਹਿਰਾਸਤ ਵਿੱਚ ਗੁਰੂਗ੍ਰਾਮ ਪੁਲਿਸ ਭੇਜ ਦਿੱਤਾ ਸੀ। ਪੁਲਿਸ ਨੇ ਅਦਾਲਤ ਤੋਂ ਦੋ ਦਿਨ ਦੀ ਹਿਰਾਸਤ ਮੰਗੀ ਸੀ। ਦੀਪਕ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਨੁਸਾਰ, ਮੁਲਜ਼ਮ ਨੇ ਕਤਲ ਤੋਂ ਸਿਰਫ਼ ਦੋ ਘੰਟੇ ਬਾਅਦ ਹੀ ਹਥਿਆਰ ਲੁਕਾ ਦਿੱਤਾ ਸੀ।