ਬਲਬੀਰ ਸਿੰਘ ਸੀਨੀਅਰ ਦਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ: ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖੇਡ ਮੰਤਰੀ ਨੇ ਲੰਡਨ ਓਲੰਪਿਕਸ ਦੇ ਸੋਨ ਤਮਗ਼ਾ ਜਿੱਤਣ ਦੀ 74ਵੀਂ ਵਰ੍ਹੇਗੰਢ ਮਹਾਨ ਹਾਕੀ ਖਿਡਾਰੀ ਦੇ ਪਰਿਵਾਰ ਨਾਲ ਸਾਂਝੀ ਕੀਤੀ

Balbir Singh Sr's sporting life will be an inspiration for generations to come: Meet Hare

ਖੇਡ ਮੰਤਰੀ ਨੇ ਲੰਡਨ ਓਲੰਪਿਕਸ ਦੇ ਸੋਨ ਤਮਗ਼ਾ ਜਿੱਤਣ ਦੀ 74ਵੀਂ ਵਰ੍ਹੇਗੰਢ ਮਹਾਨ ਹਾਕੀ ਖਿਡਾਰੀ ਦੇ ਪਰਿਵਾਰ ਨਾਲ ਸਾਂਝੀ ਕੀਤੀ
ਚੰਡੀਗੜ੍ਹ : ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਸਮੁੱਚਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਖਾਸ ਕਰਕੇ ਨੌਜਵਾਨ ਖਿਡਾਰੀਆਂ ਲਈ ਸਦਾ ਪ੍ਰੇਰਨਾਦਾਇਕ ਰਹੇਗਾ। ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲੰਡਨ ਓਲੰਪਿਕ ਖੇਡਾਂ 1948 ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਿੱਤੇ ਸੋਨ ਤਮਗਾ ਦੀ 74ਵੀਂ ਵਰ੍ਹੇਗੰਢ ਉਸ ਟੀਮ ਦੇ ਅਹਿਮ ਮੈਂਬਰ ਰਹੇ ਬਲਬੀਰ ਸਿੰਘ ਸੀਨੀਅਰ ਦੇ ਇੱਥੇ ਸੈਕਟਰ 36 ਸਥਿਤ ਪਰਿਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ਉੱਤੇ ਗੱਲ ਕਰਦਿਆਂ ਕਹੀ।

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਮੁੜ ਖੇਡਾਂ ਦਾ ਮਾਹੌਲ ਸਿਰਜਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਪੰਜਾਬ ਦੇ ਵੱਡੇ ਨਾਮੀਂ ਖਿਡਾਰੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨੌਜਵਾਨਾਂ ਲਈ ਪ੍ਰੇਰਨਾ ਦਾ ਸੋਮਾ ਬਣਾਇਆ ਜਾ ਰਿਹਾ ਹੈ। ਖੇਡ ਵਿਭਾਗ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਸਬੰਧਤ ਖੇਡ ਦੇ ਮਹਾਨ ਖਿਡਾਰੀਆਂ ਦੇ ਨਾਮ ਉੱਤੇ ਟਰਾਫੀਆਂ ਦੇਣ ਉੱਤੇ ਵਿਚਾਰ ਕਰ ਰਹੀ ਹੈ।ਪੰਜਾਬ ਸਰਕਾਰ ਵੱਲੋਂ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਲਈ ਕੇਂਦਰ ਸਰਕਾਰ ਕੋਲ ਸਿਫ਼ਾਰਸ਼ ਕਰਨਗੇ।

ਮੰਤਰੀ ਮੀਤ ਹੇਅਰ ਕਿਹਾ ਕਿ 1947 ਵਿੱਚ ਦੇਸ਼ ਦੇ ਆਜ਼ਾਦ ਹੋਣ ਉਪਰੰਤ 1948 ਵਿੱਚ ਲੰਡਨ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਆਜ਼ਾਦ ਭਾਰਤ ਦੀ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ ਅਤੇ ਪਹਿਲੀ ਵਾਰ ਤਿਰੰਗਾ ਝੰਡਾ ਓਲੰਪਿਕਸ ਵਿੱਚ ਲਹਿਰਾਇਆ ਗਿਆ ਅਤੇ ਉਸ ਦੇਸ਼ ਵਿੱਚ ਲਹਿਰਾਇਆ ਜਿਸ ਨੇ ਭਾਰਤ ਉਤੇ 200 ਸਾਲ ਤੋਂ ਵੱਧ ਰਾਜ ਕੀਤਾ। ਬਲਬੀਰ ਸਿੰਘ ਸੀਨੀਅਰ ਦਾ ਇਸ ਜਿੱਤ ਵਿੱਚ ਵੱਡਾ ਯੋਗਦਾਨ ਸੀ ਅਤੇ ਉਸ ਤੋਂ ਬਾਅਦ ਵੀ ਦੋ ਓਲੰਪਿਕਸ ਵਿੱਚ ਸੋਨ ਤਮਗੇ ਜਿੱਤ ਕੇ ਗੋਲਡਨ ਹੈਟ੍ਰਿਕ ਪੂਰੀ ਕੀਤੀ।

ਖੇਡ ਮੰਤਰੀ ਨੇ ਬਲਬੀਰ ਸਿੰਘ ਸੀਨੀਅਰ ਦੀ ਬੇਟੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੂੰ ਵਧਾਈ ਦਿੰਦਿਆਂ ਮਹਾਨ ਖਿਡਾਰੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪਰਿਵਾਰ ਨੂੰ ਦੱਸਿਆ ਕਿ ਅਗਲੇ ਸਾਲ ਲੰਡਨ ਓਲੰਪਿਕਸ ਦੇ ਸੋਨ ਤਮਗੇ ਜਿੱਤਣ ਦੇ 75 ਸਾਲ ਪੂਰੇ ਹੋਣ ਉੱਤੇ ਸਮਾਗਮ ਕਰਵਾਇਆ ਜਾਵੇਗਾ।