ਆਈ.ਪੀ.ਐਲ : ਕੋਲਕਾਤਾ ਤੇ ਬੰਗਲੌਰ ਦਾ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋਹਾਂ ਟੀਮਾਂ ਲਈ ਜਿੱਤ ਦੀ ਲੜੀ ਬਣਾਏ ਰੱਖਣ ਦੀ ਚੁਨੌਤੀ

IPL: Kolkata v&s Bangalore match today

ਸ਼ਾਰਜਾਹ : ਲਗਾਤਾਰ ਦੋ ਕਰੀਬੀ ਮੈਚਾਂ ਵਿਚ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਅੱਜ ਇੰਡੀਅਨ ਪ੍ਰੀਮੀਅਰ ਲੀਗ ਵਿਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰ ਬੰਗਲੌਰ  ਵਿਰੁਧ ਮੈਚ ਵਿਚ ਇਸ ਲੜੀ ਨੂੰ ਬਰਕਰਾਰ ਰੱਖਣਾ ਚਾਹੇਗੀ। ਦੋਹਾਂ ਟੀਮਾਂ ਦੇ ਨਾਮ ਛੇ ਮੈਚਾਂ ਵਿਚ ਚਾਰ ਜਿੱਤਾਂ ਨਾਲ ਅੱਠ ਅੰਕ ਹਨ ਪਰ ਬਿਹਤਰ ਨੈਟ ਰਨਰੇਟ ਕਾਰਨ ਕੋਲਕਾਤਾ ਸੂਚੀ ਵਿਚ ਬੰਗਲੌਰ ਤੋਂ ਇਕ ਸਥਾਨ ਉਪਰ ਤੀਜੇ ਸਥਾਨ 'ਤੇ ਹੈ।

ਕੋਲਕਾਤਾ ਅਤੇ ਬੰਗਲੌਰ ਦੋਹਾਂ ਦੀ ਪ੍ਰੇਸ਼ਾਨੀ ਬੱਲੇਬਾਜ਼ੀ ਹੈ, ਇਨ੍ਹਾਂ ਟੀਮਾਂ ਦੇ ਮੁੱਖ ਬੱਲੇਬਾਜ਼ ਲੈਅ ਕਾਇਮ ਰੱਖਣ ਵਿਚ ਅਸਫ਼ਲ ਰਹੇ ਹਨ। ਕੇਕੇਆਾਰ ਨੇ ਹਲਾਂਕਿ ਚੇਨੰਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਰੁਧ ਪਿਛਲੇ ਦੋ ਮੈਚਾਂ ਵਿਚ ਆਖ਼ਰੀ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਪਾਸਾ ਪਲਟਿਆ ਹੈ ਜਿਸ ਨਾਲ ਟੀਮ ਦਾ ਮਨੋਬਲ ਕਾਫੀ ਵੱਧ ਗਿਆ ਹੈ। ਆਰਸੀਬੀ ਵਿਰੁਧ ਵੀ ਗੇਂਦਬਾਜ਼ ਇਹ ਲੈਅ ਕਾਇਮ ਰੱਖਣਾ ਚਾਹੁੰਣਗੇ। 

ਕਪਤਾਨ ਕੋਹਲੀ ਦੀ ਦਮਦਾਰ ਬੱਲੇਬਾਜ਼ੀ ਨਾਲ ਸਨਿਚਰਵਾਰ ਨੂੰ ਚੇਨੰਈ ਸੁਪਰ ਕਿੰਗਜ਼ ਨੂੰ 37 ਦੌੜਾਂ ਨਾਲ ਹਰਾਉਣ ਤੋਂ ਬਾਅਦ ਬੰਗਲੌਰ ਦੀ ਕੋਸ਼ਸ਼ ਵੀ ਜਿੱਤ ਦੀ ਲੈਅ ਬਰਕਾਰਾਰ ਰੱਖਣ ਦੀ ਹੋਵੇਗੀ। ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ,''ਜਦੋਂ ਵੀ ਰਸੇਲ ਜ਼ਖ਼ਮੀ ਹਨ ਅਤੇ ਟੀਮ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ।'' ਕਾਰਤਿਕ ਦਾ ਲੈਅ ਵਿਚ ਆਉਣਾ ਕੋਲਕਾਤਾ ਲਈ ਚੰਗੀ ਖ਼ਬਰ ਹੈ। ਸੁਨੀਲ ਨਾਰਾਇਣ ਦੀ ਥਾਂ ਪਾਰੀ ਦਾ ਆਗ਼ਾਜ਼ ਕਰ ਰਹੇ ਰਾਹਲ ਤ੍ਰਿਪਾਠੀ ਨੇ ਸੀਐਸਕੇ ਵਿਰੁਧ 81 ਦੌੜਾਂ ਬਣਾਈਆਂ ਪਰ ਪੰਜਾਬ ਵਿਰੁਧ ਉਨ੍ਹਾਂ ਦਾ ਬੱਲਾ ਨਹੀਂ ਚਲਿਆ।

ਦੂਜੇ ਪਾਸੇ ਸ਼ੁਰੂਆਤੀ ਮੈਚ ਵਿਚ ਲੱਚਰ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਦੇ ਫਾਰਮ ਵਿਚ ਆਉਣ ਨਾਲ ਆਰਸੀਬੀ ਦੀ ਬੱਲੇਬਾਜ਼ੀ ਨੂੰ ਬਲ ਮਿਲਿਆ ਹੈ। ਇਸ 31 ਸਾਲਾ ਖਿਡਾਰੀ ਨੇ ਦਿੱਲੀ ਵਿਰੁਧ 43 ਅਤੇ ਚੇਨੰਈ ਵਿਰੁਧ 90 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਦੇਵਦੱਤ ਨੂੰ ਛੱਡ ਕੇ ਦੂਜੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਨਹੀਂ ਹੈ। ਗੇਂਦਬਾਜ਼ਾਂ ਵਿਚ ਯੁਜਵੇਂਦਰ ਚਹਲ ਸ਼ਾਨਦਾਰ ਲੈਅ ਵਿਚ ਹਨ। ਦਖਣੀ ਅਫ਼ਰੀਕੀ ਹਰਫ਼ਨਮੌਲਾ ਕ੍ਰਿਸ ਮੋਰਿਸ ਦੇ ਆਉਣ ਨਾਲ ਟੀਮ ਲਈ ਇਸ ਵਿਭਾਗ ਵਿਚ ਤਿੱਖਾਪਣ ਆਇਆ ਹੈ।