200 ਰੁਪਏ ਲਈ ਮੈਚ ਖੇਡਣ ਵਾਲਾ ਨਵਦੀਪ ਸੈਣੀ ਹੁਣ ਪਹਿਨੇਗਾ ਟੀਮ ਇੰਡੀਆ ਦੀ ਜਰਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁਹੰਮਦ ਸ਼ਮੀ ਦੇ ਯੋ-ਯੋ ਟੈਸਟ 'ਚ ਫੇਲ ਹੋਣ ਦੇ ਕਾਰਨ ਬੀ.ਸੀ.ਸੀ.ਆਈ ਨੇ ਦਿੱਲੀ ਦੇ ਯੁਵਾ ਗੇਂਦਬਾਜ਼ ਨਵਦੀਪ ਸੈਣੀ ਨੂੰ

Navdeep Saini

ਨਵੀਂ ਦਿੱਲੀ,  : ਮੁਹੰਮਦ ਸ਼ਮੀ ਦੇ ਯੋ-ਯੋ ਟੈਸਟ 'ਚ ਫੇਲ ਹੋਣ ਦੇ ਕਾਰਨ ਬੀ.ਸੀ.ਸੀ.ਆਈ ਨੇ ਦਿੱਲੀ ਦੇ ਯੁਵਾ ਗੇਂਦਬਾਜ਼ ਨਵਦੀਪ ਸੈਣੀ ਨੂੰ ਅਫ਼ਗਾਨਿਸਤਾਨ ਵਿਰੁਧ ਇਤਿਹਾਸਕ ਟੈਸਟ 'ਚ ਜਗ੍ਹਾ ਦਿਤੀ ਹੈ। ਪਰ ਇਹ ਖਿਡਾਰੀ ਅੱਜ ਜੋ ਕੁਝ ਵੀ ਹਨ ਉਸਦੇ ਲਈ ਉਹ ਦਿੱਲੀ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਦੇ ਸ਼ੁਕਰਗੁਜ਼ਾਰ ਹਨ।  ਰਣਜੀ ਸੈਸ਼ਨ 2017-18 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਇਸ ਯੁਵਾ ਗੇਂਦਬਾਜ਼ ਨੇ ਕਿਹਾ ਸੀ, 'ਮੈਂ ਅਪਣੀ ਇਹ ਜ਼ਿੰਦਗੀ ਅਤੇ ਸਫ਼ਲਤਾ ਗੌਤਮ ਗੰਭੀਰ ਨੂੰ ਸਮਰਪਤ ਕਰਦਾ ਹਾਂ।

ਮੈਂ ਤਾਂ ਕੁੱਝ ਵੀ ਨਹੀਂ ਸੀ ਅਤੇ ਗੌਤਮ ਭਰਾ ਨੇ ਮੇਰੇ ਲਈ ਸੱਭ ਕੁੱਝ ਕੀਤਾ। ਦਰਅਸਲ ਇਹ ਗੌਤਮ ਗੰਭੀਰ ਦੀ ਹੀ ਜਿੱਦ ਸੀ ਕਿ 2013-14 'ਚ ਉਨ੍ਹਾਂ ਨੂੰ ਦਿੱਲੀ ਵਲੋਂ ਰਣਜੀ ਦੇ ਰਣ 'ਚ ਉਤਰਨ ਦਾ ਸੁਨਹਿਰੀ ਮੌਕਾ ਮਿਲਿਆ। ਹਾਲਾਂਕਿ ਸੈਣੀ ਨੂੰ ਟੀਮ 'ਚ ਸ਼ਾਮਲ ਕਰਨ ਨੂੰ ਲੈ ਕੇ ਡੀ.ਡੀ.ਸੀ.ਏ. ਦੇ ਪ੍ਰਧਾਨ ਚੇਤਨ ਚੌਹਾਨ ਦੇ ਨਾਲ  ਕਪਤਾਨ ਗੰਭੀਰ ਦੀ ਬਹਿਸ ਵੀ ਹੋਈ ਸੀ।

ਜਦਕਿ ਡੀ.ਡੀ.ਸੀ.ਏ. ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਹਰ ਕਰਨ ਦੇ ਲਈ ਪਰਚੇ ਤੱਕ ਵੰਡੇ ਸਨ। ਪਰ ਸਮੇਂ ਦੇ ਨਾਲ ਹਰਿਆਣਾ ਦੇ ਕਰਨਾਲ 'ਚ ਰਹਿਣ ਵਾਲੇ ਇਸ ਗੇਂਦਬਾਜ਼ ਨੇ ਅਪਣੇ ਦਮ 'ਤੇ ਪ੍ਰਦਰਸ਼ਨ ਨਾਲ ਨਾ ਸਿਰਫ਼ ਅਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿਤਾ ਬਲਕਿ ਉਹ ਗੌਤਮ ਗੰਭੀਰ ਦੇ ਭਰੋਸੇ 'ਤੇ ਵੀ ਖੜੇ ਉਤਰੇ।
ਉਹ 2013-14 ਦਾ ਸੈਸ਼ਨ ਸੀ ਜਦੋਂ ਦਿੱਲੀ ਦੇ ਸਾਬਕਾ ਕ੍ਰਿਕਟਕ ਸੁਮਿਤ ਨਾਰਵਾਲ ਨੇ ਕਰਨਾਲ ਦੇ ਇਸ ਗੇਂਦਬਾਜ਼ ਨੂੰ ਟੈਨਿਸ ਬਾਲ ਟੂਰਨਾਮੈਂਟ 'ਚ ਯਾਰਕਰ ਕਰਦਿਆਂ ਵੇਖਿਆ, ਸੈਣੀ ਨੂੰ ਉਦੋਂ ਹਰ ਮੈਚ ਦੇ ਲਈ 200 ਰੁਪਏ ਮਿਲਦੇ ਸਨ।

ਨਾਰਵਾਲ ਨੇ ਦਿੱਲੀ ਦੇ ਕਪਤਾਨ ਗੰਭੀਰ ਨੂੰ ਇਸ ਗੇਂਦਬਾਜ਼ ਦੇ ਬਾਰੇ 'ਚ ਦਸਿਆ ਅਤੇ ਉਸਨੂੰ ਨੈੱਟ 'ਤੇ ਅਜਮਾਉਣ ਲਈ ਕਿਹਾ, ਜਦੋਂ ਗੰਭੀਰ ਨੇ ਸੈਣੀ ਨੂੰ ਨੈੱਟ 'ਤੇ ਵੇਖਿਆ ਤਾਂ ਉਹ ਇਸ ਯੁਵਾ ਨੂੰ ਟੀਮ 'ਚ ਲੈਣ ਲਈ ਤਿਆਰ ਹੋ ਗਏ। ਹਾਲਾਂਕਿ ਇਸ ਦੌਰਾਨ ਗੰਭੀਰ ਨੂੰ ਡੀ.ਡੀ.ਸੀ.ਏ. ਦੇ ਕਈ ਅਧਿਕਾਰੀਆਂ ਨਾਲ ਬਹਿਸ ਤਕ ਕਰਨੀ ਪਈ ਸੀ। ਜਦਕਿ ਸੈਨਾ ਦਾ ਮਨੋਬਲ ਵਧਾਈ ਰੱਖਣ ਦੇ ਲਈ ਗੰਭੀਰ ਨੇ ਉਨ੍ਹਾਂ ਨੂੰ ਅਪਣੀ ਗੇਂਦਬਾਜ਼ੀ 'ਤੇ ਫੋਕਸ ਕਰਨ ਦੀ ਸਲਾਹ ਦਿੰਦਿਆਂ ਕਿਹਾ ਸੀ ਕਿ ਜੋ ਵੀ ਤੈਨੂੰ ਪ੍ਰੇਸ਼ਾਨ ਕਰੇਗਾ ਉਸਨੂੰ ਮੈਂ ਵੇਖ ਲਵਾਂਗਾ।

ਇਸ 25 ਸਾਲਾ ਤੇਜ਼ ਗੇਂਦਬਾਜ਼ ਦੇ ਦਾਦਾ ਆਜ਼ਾਦ ਹਿੰਦ ਫ਼ੌਜ 'ਚ ਸਨ, ਨਵਦੀਪ ਸੈਣੀ ਮੁਤਾਬਕ ਉਨ੍ਹਾਂ ਦੇ ਦਾਦਾ ਕਰਮ ਸਿੰਘ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ 'ਚ ਡਰਾਈਵਰ ਸਨ, ਨਵਦੀਪ ਦੇ ਪਿਤਾ ਹਰਿਆਣਾ ਰੋਡਵੇਜ 'ਚ ਡਰਾਈਵਰ ਹਨ। ਉਨ੍ਹਾਂ ਨੇ ਹੀ ਉਸ ਨੂੰ ਕ੍ਰਿਕਟਰ ਬਣਨ ਲਈ ਪ੍ਰੇਰਿਤ ਕੀਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਕਦੀ 200 ਰੁਪਏ ਦੇ ਲਈ ਮੈਦਾਨ 'ਤੇ ਪਸੀਨਾ ਵਹਾਉਣ ਵਾਲੇ ਸੈਣੀ ਨੂੰ ਟੈਸਟ ਮੈਚ ਖੇਡਣ 'ਤੇ 15 ਲੱਖ ਮਿਲਣਗੇ।

ਤੁਹਾਨੂੰ ਦੱਸ ਦਈਏ ਕਿ ਟੈਸਟ ਟੀਮ 'ਚ ਪਲੇਇੰਗ ਇਲੈਵਨ ਦਾ ਹਿੱਸਾ ਬਣਨ 'ਤੇ ਹੁਣ 15 ਲੱਖ ਮਿਲਦੇ ਹਨ, ਜਦਕਿ ਵਨਡੇਅ ਦੇ ਲਈ ਛੈ ਅਤੇ ਟੀ20 ਲਈ 3 ਲੱਖ ਰੁਪਈ ਦੀ ਮੈਚ ਫੀਸ ਮਿਲਦੀ ਹੈ।  ਕ੍ਰਿਕਟ ਅਤੇ ਸੈਣੀ 2013-14 ਰਣਜੀ ਸੀਜ਼ਨ 'ਚ ਦਿੱਲੀ ਲਈ ਡੈਬਿਊ ਕਰਨ ਵਾਲੇ ਇਸ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਹੁਣ ਤਕ 31 ਰਣਜੀ ਮੈਚਾਂ 'ਚ 25.04 ਦੇ ਔਸਤ ਨਾਲ 96 ਵਿਕਟ ਲਏ ਹਨ। ਜਦਕਿ ਲਿਸਟ 'ਚ ਉਨ੍ਹਾਂ 20 ਮੈਚਾਂ 'ਚ 29.67 ਦੇ ਔਸਤ ਨਾਲ 31 ਅਤੇ 14 ਟੀ20 ਮੈਚਾਂ 'ਚ 25.30 ਦੇ ਔਸਤ ਨਾਲ 13 ਸ਼ਿਕਾਰ ਕੀਤੇ ਹਨ।