ਲੰਬੀ ਦੂਰੀ ਦੇ ਸਾਬਕਾ ਦੌੜਾਕ ਅਤੇ ਦੋਹਰਾ ਸੋਨ ਤਮਗ਼ਾ ਜੇਤੂ ਹਰੀ ਚੰਦ ਦਾ ਦਿਹਾਂਤ 

ਏਜੰਸੀ

ਖ਼ਬਰਾਂ, ਖੇਡਾਂ

ਹੁਸ਼ਿਆਰਪੁਰ ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ ਮਰਹੂਮ ਓਲੰਪੀਅਨ ਹਰੀ ਚੰਦ 

Former long distance runner and double gold medalist Hari Chand passes away

ਚੰਡੀਗੜ੍ਹ : ਪੰਜਾਬ ਦੇ ਹੋਣਹਾਰ ਸਾਬਕਾ ਦੌੜਾਕ ਹਰੀ ਚੰਦ ਦਾ ਦਿਹਾਂਤ ਹੋ ਗਿਆ ਹੈ। 69 ਸਾਲ ਦੀ ਉਮਰ ਵਿੱਚ  ਉਨ੍ਹਾਂ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਏ। ਮਰਹੂਮ ਹਰੀ ਚੰਦ ਦਾ ਜਨਮ 1 ਅਪ੍ਰੈਲ 1953 ਨੂੰ ਹੋਇਆ ਸੀ ਅਤੇ ਉਹ ਹੁਸ਼ਿਆਰਪੁਰ ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ। ਏਸ਼ੀਆਈ ਖੇਡਾਂ ਵਿਚ ਉਨ੍ਹਾਂ ਨੇ ਦੋ ਸੋਨ ਤਮਗ਼ੇ ਭਾਰਤ ਦੀ ਝੋਲੀ ਪਾਏ। ਹਰੀ ਚੰਦ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਹੋਣਹਾਰ ਲੰਬੀ ਦੂਰੀ ਦੇ ਦੌੜਾਕਾਂ ਵਿੱਚੋਂ ਇੱਕ ਸੀ।

ਦੱਸ ਦੇਈਏ ਕਿ ਹਰੀ ਚੰਦ ਭਾਰਤ ਦੇ ਲੰਮੀ ਦੂਰੀ ਦੀ ਦੌੜਾਂ ਵਿੱਚ ਸ਼ਾਮਲ ਹੋਣ ਵਾਲੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਦੋ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਮਾਂਟਰੀਅਲ ਵਿੱਚ 1976 ਦੇ ਸਮਰ ਓਲੰਪਿਕ ਵਿੱਚ ਉਹ 28:48.72 ਦੇ ਸਮੇਂ ਨਾਲ 10,000 ਮੀਟਰ ਵਿੱਚ ਅੱਠਵੇਂ ਸਥਾਨ ‘ਤੇ ਆਏ, ਜੋ ਕਿ ਇੱਕ ਕੌਮੀ ਰਿਕਾਰਡ ਸੀ। ਇਹ ਰਿਕਾਰਡ 32 ਸਾਲਾਂ ਤੱਕ ਕਾਇਮ ਰਿਹਾ।

ਇਸ ਤੋਂ ਬਾਅਦ ਹਰੀ ਚੰਦ ਨੇ 1980 ਓਲੰਪਿਕ ਪੁਰਸ਼ਾਂ ਦੀ ਮੈਰਾਥਨ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਲੈਨਿਨ ਸਟੇਡੀਅਮ, ਮੋਸਕਵਾ ਵਿਖੇ 2:22:08 ਦੇ ਸਮੇਂ ਨਾਲ ਦੌੜ ਪੂਰੀ ਕੀਤੀ। ਉਨ੍ਹਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਢੰਗ ਨਾਲ 2 ਸੋਨ ਤਮਗ਼ੇ ਜਿੱਤੇ। ਥਾਈਲੈਂਡ ਵਿੱਚ ਹਰੀ ਚੰਦ 5000 ਮੀਟਰ ਅਤੇ 10,000 ਮੀਟਰ ਦੋਵਾਂ ਮੁਕਾਬਲਿਆਂ ਵਿੱਚ ਪੋਡੀਅਮ ਦੇ ਸਿਖਰਲੇ ਪੜਾਅ ‘ਤੇ ਸਨ। ਭਾਰਤ ਵਿੱਚ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਹਰੀ ਚੰਦ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਪੰਜਾਬ ਦੇ ਹੋਣਹਾਰ ਖਿਡਾਰੀ ਦੇ ਦਿਹਾਂਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ, ''ਏਸ਼ਿਆਈ ਖੇਡਾਂ ਵਿੱਚ ਦੋਹਰਾ ਸੋਨ ਤਗ਼ਮਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ..ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਮੇਸ਼ਾ ਆਪਣੇ ਖੇਡ ਲਈ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ..ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ''