ਫ਼ਰਜ਼ੀ ਐਨਕਾਊਂਟਰ ਮਾਮਲੇ 'ਚ ਪੰਜਾਬ ਪੁਲਿਸ ਦੇ ਦੋ ਸੇਵਾਮੁਕਤ ਅਫ਼ਸਰ ਦੋਸ਼ੀ ਕਰਾਰ 

ਏਜੰਸੀ

ਖ਼ਬਰਾਂ, ਖੇਡਾਂ

ਮੁਹਾਲੀ CBI ਕੋਰਟ ਦਾ ਵੱਡਾ ਫ਼ੈਸਲਾ, 16 ਅਗਸਤ ਨੂੰ ਸੁਣਾਈ ਜਾਵੇਗੀ ਸਜ਼ਾ

court orders

13 ਸਤੰਬਰ 1992 ਨੂੰ ਮਹਿਤਾ ਥਾਣੇ ਦੇ ਤਤਕਾਲੀ ਅਫ਼ਸਰਾਂ 'ਤੇ 4 ਵਿਅਕਤੀਆਂ ਦੇ ਕਤਲ ਦਾ ਦੋਸ਼ 
1992 ਵਿੱਚ ਤਿੰਨ ਪੁਲਿਸ ਵਾਲੇ ਦੋਸ਼ੀ ਸਨ, ਇੱਕ ਦੀ  ਹੋ ਚੁੱਕੀ ਹੈ ਮੌਤ
ਮੁਹਾਲੀ :
ਪੰਜਾਬ ਵਿੱਚ 1992 ਵਿੱਚ ਹੋਏ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਮੁਹਾਲੀ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਮੁਹਾਲੀ ਦੀ ਸੀਬੀਆਈ ਅਦਾਲਤ ਨੇ ਦੋ ਸੇਵਾਮੁਕਤ ਪੁਲਿਸ ਅਧਿਕਾਰੀਆਂ ਨੂੰ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ 16 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।

ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਸਰਬਜੀਤ ਵੇਰਕਾ ਨੇ ਦੱਸਿਆ ਕਿ 13 ਸਤੰਬਰ 1992 ਨੂੰ ਮਹਿਤਾ ਥਾਣੇ ਦੇ ਤਤਕਾਲੀ ਇੰਸਪੈਕਟਰ ਰਾਜਿੰਦਰ ਸਿੰਘ, ਇੰਸਪੈਕਟਰ ਕਿਸ਼ਨ ਸਿੰਘ ਅਤੇ ਸਬ ਇੰਸਪੈਕਟਰ ਤਰਸੇਮ ਲਾਲ ਖ਼ਿਲਾਫ਼ ਚਾਰ ਵਿਅਕਤੀਆਂ ਦੇ ਕਤਲ ਦੇ ਦੋਸ਼ ਲਾਏ ਗਏ ਸਨ। ਇਲਜ਼ਾਮ ਲਗਾਇਆ ਗਿਆ ਸੀ ਕਿ ਉਕਤ ਪੁਲਿਸ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਮਹਿਤਾ ਇਲਾਕੇ ਦੇ ਰਹਿਣ ਵਾਲੇ ਸਾਹਬ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਉਕਤ ਚਾਰੇ ਮੁਲਜ਼ਮ ਅਤਿਵਾਦੀ ਜਥੇਬੰਦੀਆਂ ਵਿੱਚ ਸ਼ਾਮਲ ਹੋ ਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਪੀੜਤ ਪਰਿਵਾਰਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਸੀਬੀਆਈ ਨੇ 28 ਫਰਵਰੀ 1997 ਨੂੰ ਉਕਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਤਲ ਅਤੇ ਸਬੂਤ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਸੀ।