ਮਲੇਸ਼ੀਆ ਨੂੰ ਹਰਾ ਕੇ ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਬਣਿਆ
ਭਾਰਤ ਸੱਭ ਤੋਂ ਵੱਧ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤਣ ਵਾਲਾ ਦੇਸ਼ ਬਣ ਗਿਆ
ਚੇਨਈ : ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੀ ਟਰਾਫ਼ੀ ’ਤੇ ਕਬਜ਼ਾ ਕਰ ਲਿਆ ਹੈ। ਚੇਨਈ ਵਿਚ ਖੇਡੇ ਗਏ ਫ਼ਾਈਨਲ ਮੈਚ ਵਿਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਮੈਚ ਜਿੱਤ ਲਿਆ। ਭਾਰਤ ਨੇ ਰਿਕਾਰਡ ਚੌਥੀ ਵਾਰ ਟਰਾਫ਼ੀ ਜਿੱਤੀ। ਇਸ ਨਾਲ ਭਾਰਤ ਸੱਭ ਤੋਂ ਵੱਧ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤਣ ਵਾਲਾ ਦੇਸ਼ ਬਣ ਗਿਆ ਹੈ।
ਭਾਰਤ ਲਈ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿਚ, ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਵਿਚ, ਗੁਰਜੰਟ ਸਿੰਘ ਨੇ 45ਵੇਂ ਮਿੰਟ ਵਿਚ ਅਤੇ ਅਕਾਸ਼ਦੀਪ ਸਿੰਘ ਨੇ 56ਵੇਂ ਮਿੰਟ ਵਿਚ ਗੋਲ ਕੀਤੇ। ਮਲੇਸ਼ੀਆ ਲਈ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜ਼ੀ ਨੇ 18ਵੇਂ ਮਿੰਟ ਅਤੇ ਮੁਹੰਮਦ ਅਮੀਨੂਦੀਨ ਨੇ 28ਵੇਂ ਮਿੰਟ ਵਿਚ ਗੋਲ ਕੀਤੇ। ਤੀਜੇ ਕੁਆਰਟਰ ਵਿਚ ਭਾਰਤ ਨੇ ਮੌਕੇ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਕਾਰਤੀ ਸੇਲਵਮ ਨੇ 36ਵੇਂ ਮਿੰਟ ਵਿਚ ਭਾਰਤ ਲਈ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਜੁਗਰਾਜ ਸਿੰਘ ਦੀ ਡਰੈਗ ਫਲਿੱਕ ਗੋਲ ਨੂੰ ਪਾਰ ਕਰ ਗਈ। ਮਲੇਸ਼ੀਆ ਨੇ ਬੜ੍ਹਤ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਮਲੇਸ਼ੀਆ ਨੇ ਰਖਿਆਤਮਕ ਖੇਡ ਖੇਡੀ ਅਤੇ ਭਾਰਤੀ ਸਰਕਲ ਦੇ ਅੰਦਰ ਕੱੁਝ ਮੌਕੇ ਬਣਾਏ। ਅਖ਼ੀਰ ’ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨਾਲ ਪਹਿਲਾ ਗੋਲ ਕੀਤਾ। ਦੂਜਾ ਗੋਲ ਗੁਰਜੰਟ ਸਿੰਘ ਨੇ 45ਵੇਂ ਮਿੰਟ ਵਿਚ ਕੀਤਾ।