Delhi News : ਸਾਨੂੰ ਓਲੰਪਿਕ ਲਈ ਮਨਪਸੰਦ ਕੋਚ ਵੀ ਨਹੀਂ ਮਿਲਿਆ : ਅਸ਼ਵਨੀ ਪੋਨੱਪਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Delhi News : ਬੈਡਮਿੰਟਨ ਖਿਡਾਰੀ ਨੇ ਖਿਡਾਰੀਆਂ ’ਤੇ ਖ਼ਰਚੇ ਵਾਲੇ ਭਾਰਤੀ ਖੇਡ ਅਥਾਰਟੀ ਦੇ ਦਸਤਾਵੇਜ਼ ਨੂੰ ਝੂਠਾ ਦਸਿਆ

Ashwini Ponnappa

Delhi News : ਭਾਰਤੀ ਡਬਲਜ਼ ਬੈਡਮਿੰਟਨ ਮਾਹਰ ਅਸ਼ਵਨੀ ਪੋਨੱਪਾ ਨੇ ਮੰਗਲਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ਦੀ ਤਿਆਰੀ ਲਈ ਉਨ੍ਹਾਂ ਨੂੰ ਖੇਡ ਮੰਤਰਾਲੇ ਤੋਂ ਬਹੁਤ ਘੱਟ ਜਾਂ ਕੋਈ ਨਿੱਜੀ ਵਿੱਤੀ ਸਹਾਇਤਾ ਨਹੀਂ ਮਿਲੀ ਅਤੇ ਇਥੋਂ ਤਕ ਕਿ ਕੋਚ ਲਈ ਉਨ੍ਹਾਂ ਦੀ ਬੇਨਤੀ ਨੂੰ ਵੀ ਰੱਦ ਕਰ ਦਿਤਾ ਗਿਆ। 

ਭਾਰਤੀ ਖੇਡ ਅਥਾਰਟੀ (ਸਾਈ) ਇਕ ਦਸਤਾਵੇਜ਼ ਲੈ ਕੇ ਆਇਆ ਹੈ ਜਿਸ ’ਚ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟਾਂ ਨੂੰ ਦਿਤੀ ਗਈ ਵਿੱਤੀ ਸਹਾਇਤਾ ਦਾ ਵੇਰਵਾ ਦਿਤਾ ਗਿਆ ਹੈ। ਇਸ ਦਸਤਾਵੇਜ਼ ਮੁਤਾਬਕ ਅਸ਼ਵਨੀ ਨੂੰ ਟਾਪਸ (ਟਾਰਗੇਟ ਓਲੰਪਿਕ ਪੋਡੀਅਮ ਪ੍ਰੋਗਰਾਮ) ਤਹਿਤ 4,50,000 ਰੁਪਏ ਅਤੇ ਅਭਿਆਸ ਤੇ ਮੁਕਾਬਲੇ (ਏ.ਸੀ.ਟੀ.ਸੀ.) ਦੇ ਸਾਲਾਨਾ ਕੈਲੰਡਰ ਤਹਿਤ 1,48,04,080 ਰੁਪਏ ਦਿਤੇ ਗਏ। 

ਅਸ਼ਵਨੀ ਨੇ ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਕਿਹਾ, ‘‘ਮੈਂ ਸੱਚਮੁੱਚ ਹੈਰਾਨ ਹਾਂ। ਮੈਨੂੰ ਪੈਸੇ ਨਾ ਮਿਲਣ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਦੇਸ਼ ਨੂੰ ਇਹ ਦਸਣਾ ਹਾਸੋਹੀਣਾ ਹੈ ਕਿ ਮੈਂ ਪੈਸੇ ਲਏ ਹਨ। ਮੈਨੂੰ ਪੈਸੇ ਨਹੀਂ ਮਿਲੇ। ਜੇਕਰ ਕੌਮੀ ਕੈਂਪ ਦੀ ਗੱਲ ਕਰੀਏ ਤਾਂ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ’ਤੇ 1.5 ਕਰੋੜ ਰੁਪਏ ਖਰਚ ਕੀਤੇ ਗਏ ਸਨ।’’

ਉਨ੍ਹਾਂ ਕਿਹਾ, ‘‘ਮੇਰੇ ਕੋਲ ਅਪਣੀ ਪਸੰਦ ਦਾ ਕੋਚ ਵੀ ਨਹੀਂ ਸੀ। ਜਿੱਥੋਂ ਤਕ ਮੇਰੇ ਨਿੱਜੀ ਟ੍ਰੇਨਰ ਦੀ ਗੱਲ ਹੈ, ਮੈਂ ਇਸ ਦਾ ਭੁਗਤਾਨ ਖੁਦ ਕੀਤਾ। ਮੈਂ ਕਿਸੇ ਤੋਂ ਪੈਸੇ ਨਹੀਂ ਲਏ। ਮੈਂ ਨਵੰਬਰ 2023 ਤਕ ਅਪਣੇ ਖਰਚੇ ’ਤੇ ਖੇਡਦੀ ਰਹੀ। ਜਦੋਂ ਅਸੀਂ ਓਲੰਪਿਕ ਲਈ ਕੁਆਲੀਫਾਈ ਕੀਤਾ ਤਾਂ ਹੀ ਮੈਨੂੰ ਟਾਪਸ ’ਚ ਸ਼ਾਮਲ ਕੀਤਾ ਗਿਆ ਸੀ।’’

ਭਾਰਤ ਦੀ ਚੋਟੀ ਦੀ ਡਬਲਜ਼ ਖਿਡਾਰੀ 34 ਸਾਲ ਦੀ ਅਸ਼ਵਨੀ ਨੇ 2010, 2014 ਅਤੇ 2018 ਦੇ ਐਡੀਸ਼ਨਾਂ ’ਚ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਸਨ। ਉਸ ਨੇ ਜਵਾਲਾ ਗੁੱਟਾ ਨਾਲ ਜੋੜੀ ਬਣਾ ਕੇ ਲੰਡਨ ਅਤੇ ਰੀਓ ਓਲੰਪਿਕ ’ਚ ਹਿੱਸਾ ਲਿਆ ਸੀ। 

ਸਾਈ ਦੇ ਇਕ ਸੂਤਰ ਨੇ 1.48 ਕਰੋੜ ਰੁਪਏ ਦੇ ਖਰਚ ਦਾ ਵੇਰਵਾ ਦਿੰਦੇ ਹੋਏ ਕਿਹਾ, ‘‘ਇਹ ਰਕਮ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਸਾਰੇ ਮੁਕਾਬਲਿਆਂ ਵਿਚ ਯਾਤਰਾ, ਰਹਿਣ, ਖਾਣ-ਪੀਣ, ਮੁਕਾਬਲੇ ਦੀ ਫੀਸ ਆਦਿ ’ਤੇ ਖਰਚ ਕੀਤੀ ਗਈ ਸੀ, ਜਿਨ੍ਹਾਂ ਵਿਚ ਉਨ੍ਹਾਂ ਨੇ ਹਿੱਸਾ ਲਿਆ ਸੀ। ਇਹ ਪੈਸਾ ਏ.ਸੀ.ਟੀ.ਸੀ. ਤਹਿਤ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੂੰ ਦਿਤਾ ਗਿਆ ਸੀ।’’

ਅਗੱਸਤ, 2022 ਤਕ ਐਨ. ਸਿੱਕੀ ਰੈੱਡੀ ਨਾਲ ਜੋੜੀ ਬਣਾਉਣ ਵਾਲੀ ਅਸ਼ਵਨੀ ਨੇ ਉਸੇ ਸਾਲ ਦਸੰਬਰ ’ਚ ਤਨੀਸ਼ਾ ਕ੍ਰੈਸਟੋ ਨਾਲ ਜੋੜੀ ਬਣਾਈ ਸੀ। ਇਸ ਜੋੜੀ ਨੇ ਜਨਵਰੀ 2023 ਤੋਂ ਕੌਮਾਂਤਰੀ ਟੂਰਨਾਮੈਂਟਾਂ ’ਚ ਖੇਡਣਾ ਸ਼ੁਰੂ ਕੀਤਾ। ਕੁੱਝ ਟੂਰਨਾਮੈਂਟਾਂ ’ਚ ਚੰਗੇ ਪ੍ਰਦਰਸ਼ਨ ਦੇ ਆਧਾਰ ’ਤੇ ਇਹ ਜੋੜੀ ਓਲੰਪਿਕ ਲਈ ਕੁਆਲੀਫਾਈ ਕਰਨ ’ਚ ਕਾਮਯਾਬ ਰਹੀ। 

ਅਸ਼ਵਨੀ ਨੇ ਕਿਹਾ, ‘‘ਮੰਤਰਾਲੇ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ। ਮੈਂ ਸਾਲਾਂ ਤੋਂ ਟੀਮ ਦਾ ਹਿੱਸਾ ਰਹੀ ਹਾਂ ਅਤੇ ਮੈਨੂੰ ਮਿਲੇ ਸਮਰਥਨ ਲਈ ਧੰਨਵਾਦੀ ਹਾਂ।’’
ਉਨ੍ਹਾਂ ਕਿਹਾ, ‘‘ਪਿਛਲੇ ਸਾਲ, ਮੈਨੂੰ ਕੋਈ ਸਮਰਥਨ ਨਹੀਂ ਮਿਲਿਆ ਸੀ ਅਤੇ ਇਹ ਬਿਲਕੁਲ ਸੱਚ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ 1.5 ਕਰੋੜ ਰੁਪਏ ਦਿਤੇ ਗਏ ਹਨ। ਜੇ ਇਹ ਰਕਮ ਚਾਰ ਸਾਲ ਤੋਂ ਵੱਧ ਸਮੇਂ ਲਈ ਹੈ, ਤਾਂ ਇਹ ਸੱਚ ਹੈ ਕਿਉਂਕਿ ਉਦੋਂ ਮੈਂ ਸਿੱਕੀ ਨਾਲ ਜੋੜੀ ਬਣਾ ਕੇ ਖੇਡ ਰਹੀ ਸੀ ਅਤੇ ਟਾਪਸ ਦਾ ਹਿੱਸਾ ਸੀ।’’

ਅਸ਼ਵਨੀ ਅਤੇ ਤਨੀਸ਼ਾ ਦੀ ਜੋੜੀ ਪੈਰਿਸ ਓਲੰਪਿਕ ’ਚ ਇਕ ਵੀ ਮੈਚ ਨਹੀਂ ਜਿੱਤ ਸਕੀ ਅਤੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ। ਅਸ਼ਵਨੀ ਨੇ ਕਿਹਾ, ‘‘ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਮੈਂ ਇਸ ਦੀ ਜ਼ਿੰਮੇਵਾਰੀ ਲੈਂਦੀ ਹਾਂ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਇਹ ਰਕਮ ਮਿਲ ਰਹੀ ਹੈ ਜਦੋਂ ਮੈਨੂੰ ਇਹ ਰਕਮ ਬਿਲਕੁਲ ਨਹੀਂ ਮਿਲੀ।’’

(For more news apart from  We didn't even get a favorite coach for the Olympics: Ashwini Ponnappa News in Punjabi, stay tuned to Rozana Spokesman)