ਏਸ਼ੀਆ ਕੱਪ ਫ਼ਾਈਨਲ ’ਚ ਥਾਂ ਬਣਾਉਣ ਲਈ ਇਕ-ਦੂਜੇ ਦਾ ਸਾਹਮਣਾ ਕਰਨਗੇ ਪਾਕਿਸਤਾਨ ਅਤੇ ਸ੍ਰੀਲੰਕਾ
ਜਿੱਤ ਦਰਜ ਕਰਨ ਵਾਲੀ ਟੀਮ 17 ਸਤੰਬਰ ਨੂੰ ਭਾਰਤ ਨਾਲ ਹੋਣ ਵਾਲੇ ਫ਼ਾਈਨਲ ਮੈਚ ’ਚ ਥਾਂ ਬਣਾਏਗੀ
ਕੋਲੰਬੋ: ਸੱਟਾਂ ਨਾਲ ਜੂਝ ਰਿਹਾ ਪਾਕਿਸਤਾਨ ਅਤੇ ਅਪਣੇ ਕੁਝ ਖਿਡਾਰੀਆਂ ਦੇ ਉਤਸ਼ਾਹਜਨਕ ਪ੍ਰਦਰਸ਼ਨ ਤੋਂ ਆਤਮਵਿਸ਼ਵਾਸ ਹਾਸਲ ਕਰਨ ਵਾਲਾ ਸ੍ਰੀਲੰਕਾ ਏਸ਼ੀਆ ਕੱਪ ਇਕ ਦਿਨਾ ਕ੍ਰਿਕੇਟ ਟੂਰਨਾਮੈਂਟ ਦੇ ਫ਼ਾਈਨਲ ’ਚ ਥਾਂ ਬਣਾਉਣ ਲਈ ਵੀਰਵਾਰ ਨੂੰ ਇਕ-ਦੂਜੇ ਦਾ ਸਾਹਮਣਾ ਕਰਨਗੇ।
ਪਾਕਿਸਤਾਨ ਅਤੇ ਸ੍ਰੀਲੰਕਾ ਦੋਹਾਂ ਦੇ ਦੋ-ਦੋ ਅੰਕ ਹਨ ਅਤੇ ਇਸ ਤਰ੍ਹਾਂ ਨਾਲ ਵੀਰਵਾਰ ਨੂੰ ਹੋਣ ਵਾਲਾ ਮੈਚ ਇਕ ਤਰ੍ਹਾਂ ਨਾਲ ਨਾਕਆਊਟ ਮੈਚ ਬਣ ਗਿਆ ਹੈ ਜਿਸ ’ਚ ਜਿੱਤ ਦਰਜ ਕਰਨ ਵਾਲੀ ਟੀਮ 17 ਸਤੰਬਰ ਨੂੰ ਹੋਣ ਵਾਲੇ ਫ਼ਾਈਨਲ ’ਚ ਥਾਂ ਬਣਾਏਗੀ।
ਭਾਰਤ ਮੰਗਲਵਾਰ ਨੂੰ ਸੂਪਰ ਚਾਰ ਦੇ ਮੈਚ ’ਚ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਪਹਿਲਾਂ ਹੀ ਫ਼ਾਈਨਲ ’ਚ ਅਪਣੀ ਥਾਂ ਪੱਕੀ ਕਰ ਚੁੱਕਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਅਜੇ ਚਾਰ ਅੰਕ ਲੈ ਕੇ ਸਿਖਰ ’ਤੇ ਹੈ।
ਪਾਕਿਸਤਾਨ ਦੀ ਟੀਮ ਚੋਟਿਲ ਖਿਡਾਰੀਆਂ ਨਾਲ ਜੂਝ ਰਹੀ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਉਸ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਹਾਰਿਸ ਰਊਫ਼ ਅਤੇ ਨਸੀਮ ਸ਼ਾਹ ਸ੍ਰੀਲੰਕਾ ਵਿਰੁਧ ਮੈਚ ’ਓ ਨਹੀਂ ਖੇਡ ਸਕਣਗੇ।
ਪਾਕਿਸਤਾਨ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਬੈਕਅੱਪ ਦੇ ਰੂਪ ’ਚ ਸ਼ਾਹਨਵਾਜ਼ ਦਹਾਨੀ ਅਤੇ ਜਮਾਨ ਖ਼ਾਨ ਨੂੰ ਟੀਮ ਨਾਲ ਜੋੜਿਆ ਹੈ। 22 ਵਰ੍ਹਿਆਂ ਦੇ ਜਮਾਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ’ਚ ਸਮਰੱਥ ਹਨ।
ਪਾਕਿਸਤਾਨ ਦੀ ਚਿੰਤਾ ਸਿਰਫ ਜ਼ਖਮੀ ਖਿਡਾਰੀਆਂ ਨੂੰ ਲੈ ਕੇ ਨਹੀਂ ਹੈ। ਇਸ ਦੇ ਬੱਲੇਬਾਜ਼ ਵੀ ਹੁਣ ਤਕ ਟੂਰਨਾਮੈਂਟ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸ ਦੀ ਟੀਮ ਨੇ ਮੁਲਤਾਨ ’ਚ ਏਸ਼ੀਆ ਕੱਪ ਦੇ ਪਹਿਲੇ ਮੈਚ ’ਚ ਨੇਪਾਲ ਵਿਰੁਧ ਛੇ ਵਿਕਟਾਂ ’ਤੇ 342 ਦੌੜਾਂ ਬਣਾਈਆਂ ਸਨ ਪਰ ਉਸ ਤੋਂ ਬਾਅਦ ਉਸ ਦੇ ਬੱਲੇਬਾਜ਼ ਵੱਡਾ ਸਕੋਰ ਬਣਾਉਣ ਲਈ ਸੰਘਰਸ਼ ਕਰਦੇ ਰਹੇ।
ਸ਼੍ਰੀਲੰਕਾ ਅਜਿਹੀ ਮਜ਼ਬੂਤ ਟੀਮ ਹੈ ਜੋ ਪਾਕਿਸਤਾਨ ਨੂੰ ਸਖਤ ਚੁਨੌਤੀ ਦੇਣ ਲਈ ਤਿਆਰ ਹੈ। ਪਾਕਿਸਤਾਨ ਨੇ ਲੀਗ ਪੜਾਅ ’ਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਵੀਰਵਾਰ ਨੂੰ ਹੋਣ ਵਾਲੇ ਮੈਚ ’ਚ ਪਿਛਲੇ ਨਤੀਜੇ ਜ਼ਿਆਦਾ ਅਰਥ ਨਹੀਂ ਰੱਖਣਗੇ।
ਬੰਗਲਾਦੇਸ਼ ਨੂੰ ਹਰਾਉਣ ਅਤੇ ਭਾਰਤ ਨੂੰ ਸਖ਼ਤ ਚੁਨੌਤੀ ਦੇਣ ਤੋਂ ਬਾਅਦ, ਸ਼੍ਰੀਲੰਕਾ ਨੇ ਵਿਖਾਇਆ ਹੈ ਕਿ ਉਸ ਦੀ ਟੀਮ ਅਪਣੇ ਕੁਝ ਪ੍ਰਮੁੱਖ ਖਿਡਾਰੀਆਂ ਦੀ ਗੈਰ-ਮੌਜੂਦਗੀ ਦੇ ਬਾਵਜੂਦ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹੈ।