ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਮੈਚ ਬਿਨਾਂ ਗੇਂਦ ਸੁੱਟੇ ਰੱਦ
ਭਾਰਤ ’ਚ ਪਹਿਲੀ ਵਾਰ ਕੋਈ ਟੈਸਟ ਬਿਨਾਂ ਗੇਂਦ ਸੁੱਟੇ ਕੀਤਾ ਰੱਦ
ਗ੍ਰੇਟਰ ਨੋਇਡਾ: ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਕਰਵਾਰ ਨੂੰ ਇਕ ਵੀ ਗੇਂਦ ਸੁੱਟੇ ਬਿਨਾਂ ਲਗਾਤਾਰ ਮੀਂਹ ਕਾਰਨ ਇਕਲੌਤਾ ਟੈਸਟ ਰੱਦ ਕਰ ਦਿਤਾ ਗਿਆ ਅਤੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਅਜਿਹੀ ਸਥਿਤੀ ਅੱਠਵੀਂ ਵਾਰ ਆਈ ਹੈ।
ਟੈਸਟ ਕ੍ਰਿਕਟ ਦੇ ਇਤਿਹਾਸ ’ਚ ਸਿਰਫ 7 ਵਾਰ ਅਜਿਹਾ ਹੋਇਆ ਹੈ ਜਦੋਂ ਕੋਈ ਮੈਚ ਬਿਨਾਂ ਗੇਂਦ ਸੁੱਟੇ ਰੱਦ ਕੀਤਾ ਗਿਆ ਹੋਵੇ। ਆਖਰੀ ਵਾਰ ਅਜਿਹਾ 26 ਸਾਲ ਪਹਿਲਾਂ 1998 ’ਚ ਹੋਇਆ ਸੀ। ਉਸ ਸਮੇਂ ਵੀ ਨਿਊਜ਼ੀਲੈਂਡ ਦੀ ਟੀਮ ਨੇ ਡੁਨੇਡਿਨ ’ਚ ਭਾਰਤ ਨਾਲ ਖੇਡਣਾ ਸੀ। ਉਸੇ ਦਿਨ ਫੈਸਲਾਬਾਦ ’ਚ ਪਾਕਿਸਤਾਨ ਅਤੇ ਜ਼ਿੰਬਾਬਵੇ ਟੈਸਟ ਵੀ ਸੰਘਣੀ ਧੁੰਦ ਕਾਰਨ ਬਿਨਾਂ ਕਿਸੇ ਖੇਡ ਦੇ ਰੱਦ ਕਰ ਦਿਤੇ ਗਏ ਸਨ।
ਭਾਰਤ ’ਚ ਪਹਿਲੀ ਵਾਰ ਕੋਈ ਟੈਸਟ ਬਿਨਾਂ ਗੇਂਦ ਸੁੱਟੇ ਰੱਦ ਕੀਤਾ ਗਿਆ ਹੈ। ਪਹਿਲੇ ਦੋ ਦਿਨ ਗਿੱਲੇ ਆਊਟਫੀਲਡ ਕਾਰਨ ਖੇਡ ਨਹੀਂ ਹੋ ਸਕਿਆ, ਜਿਸ ਨਾਲ ਸ਼ਹੀਦ ਵਿਜੇ ਸਿੰਘ ਪਾਥਿਕ ਸਪੋਰਟਸ ਕੰਪਲੈਕਸ ਦੀ ਮੈਚ ਦੀ ਮੇਜ਼ਬਾਨੀ ਕਰਨ ਦੀ ਯੋਗਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਬਾਕੀ ਤਿੰਨ ਦਿਨ ਮੀਂਹ ਕਾਰਨ ਮੈਚ ਰੱਦ ਕਰ ਦਿਤਾ ਗਿਆ ਸੀ।
ਸ਼ੁਕਰਵਾਰ ਸਵੇਰੇ ਪਿੱਚ ਦਾ ਨਿਰੀਖਣ ਕੀਤਾ ਗਿਆ ਸੀ ਪਰ ਆਊਟਫੀਲਡ ’ਚ ਅਜੇ ਵੀ ਉਨ੍ਹਾਂ ਥਾਵਾਂ ’ਤੇ ਪਾਣੀ ਹੈ ਜੋ ਢਕੀਆਂ ਨਹੀਂ ਹਨ। ਇਸ ਨਾਲ ਉਸ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਜਿਸ ’ਚ ਟਾਸ ਨਹੀਂ ਹੋ ਸਕਿਆ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਕਿਹਾ, ‘‘ਗ੍ਰੇਟਰ ਨੋਇਡਾ ’ਚ ਅਜੇ ਵੀ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਦੇ ਪੰਜਵੇਂ ਦਿਨ ਦੀ ਖੇਡ ਰੱਦ ਕਰ ਦਿਤੀ ਗਈ ਹੈ।’’ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਸਹੂਲਤਾਂ ਦੀ ਘਾਟ, ਗਰਾਊਂਡ ਕਵਰ ਦੀ ਘਾਟ, ਮਾੜੀ ਡਰੇਨੇਜ, ਹੁਨਰਮੰਦ ਜ਼ਮੀਨੀ ਕੰਮ ਦੀ ਘਾਟ ਅਤੇ ਲੋੜੀਂਦੇ ਸੁਪਰ ਸੋਪਰ ਦੀ ਘਾਟ ਨੇ ਸਮੱਸਿਆ ਨੂੰ ਹੋਰ ਵਧਾ ਦਿਤਾ ਹੈ।
ਪਹਿਲੇ ਦੋ ਦਿਨ ਸੂਰਜ ਚੜ੍ਹਨ ਦੇ ਬਾਵਜੂਦ ਅੰਪਾਇਰਾਂ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਮੈਚ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਗ੍ਰੇਟਰ ਨੋਇਡਾ ਅਥਾਰਟੀ ਨੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂ.ਪੀ.ਸੀ.ਏ.) ਤੋਂ ਦੋ ਸੁਪਰ ਸੋਪਰ ਮੰਗੇ ਸਨ, ਜੋ ਮੇਰਠ ਸਟੇਡੀਅਮ ਤੋਂ ਭੇਜੇ ਗਏ ਸਨ। ਦਿਨ ਦੌਰਾਨ ਵਿਆਹਾਂ ’ਚ ਵਰਤੀ ਜਾਣ ਵਾਲੇ ਰਵਾਇਤੀ ਸ਼ਾਮਿਆਨੇ ਦੀ ਵਰਤੋਂ ਆਊਟਫੀਲਡ ਨੂੰ ਢੱਕਣ ਲਈ ਕੀਤਾ ਗਿਆ ਅਤੇ ਸ਼ਾਮ ਨੂੰ ਬਰਸਾਤੀ ਲਗਾਈ ਗਈ। ਕੋਟਲਾ ਤੋਂ ਡੀ.ਡੀ.ਸੀ.ਏ. ਦੇ ਅਧਿਕਾਰੀਆਂ ਨੇ ਆਊਟਫੀਲਡ ਕਵਰ ਭੇਜੇ ਪਰ ਇਹ ਵੀ ਕਾਫ਼ੀ ਨਹੀਂ ਸਨ।
ਗ੍ਰੇਟਰ ਨੋਇਡਾ ਅਥਾਰਟੀ ਕੋਲ ਵੀ ਹੁਨਰਮੰਦ ਗਰਾਊਂਡ ਵਰਕਰ ਨਹੀਂ ਵੀ ਸਨ, ਜਿਸ ਕਾਰਨ ਮਜ਼ਦੂਰਾਂ ਨੂੰ ਰੁਜ਼ਗਾਰ ਦਿਤਾ ਗਿਆ ਸੀ। ਬੀ.ਸੀ.ਸੀ.ਆਈ. ਨੇ ਕਾਨਪੁਰ, ਬੈਂਗਲੁਰੂ ਅਤੇ ਗ੍ਰੇਟਰ ਨੋਇਡਾ ’ਚ ਅਫਗਾਨਿਸਤਾਨ ਕ੍ਰਿਕਟ ਬੋਰਡ (ਐਫ.ਸੀ.ਬੀ.) ਨੂੰ ਬਦਲ ਦਿਤੇ ਸਨ। ਏ.ਸੀ.ਬੀ. ਨੇ ਲੌਜਿਸਟਿਕ ਕਾਰਨਾਂ ਕਰ ਕੇ ਗ੍ਰੇਟਰ ਨੋਇਡਾ ਨੂੰ ਚੁਣਿਆ ਹੈ।
ਅਫਗਾਨਿਸਤਾਨ ਇਸ ਮੈਚ ਦਾ ਮੇਜ਼ਬਾਨ ਸੀ ਜਿਸ ਨੂੰ ਚੋਟੀ ਦੀਆਂ ਟੀਮਾਂ ਵਿਰੁਧ ਖੇਡਣ ਦਾ ਮੌਕਾ ਨਹੀਂ ਮਿਲਦਾ। 2017 ’ਚ ਆਈ.ਸੀ.ਸੀ. ਤੋਂ ਟੈਸਟ ਦਰਜਾ ਮਿਲਣ ਤੋਂ ਬਾਅਦ ਇਹ ਉਸ ਦਾ ਦਸਵਾਂ ਟੈਸਟ ਸੀ। ਇਹ ਟੈਸਟ ਆਈ.ਸੀ.ਸੀ. ਵਿਸ਼ਵ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ। ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੀ ਰੀਪੋਰਟ ਆਉਣ ਤੋਂ ਬਾਅਦ ਸਟੇਡੀਅਮ ਦੀ ਕਿਸਮਤ ਦਾ ਫੈਸਲਾ ਹੋਵੇਗਾ।