Power Slap ’ਚ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਊਦੀ ਅਰਬ ’ਚ ਜਸਕਰਨ ਸਿੰਘ ਨੇ ਅਮਰੀਕੀ ਖਿਡਾਰੀ ਨੂੰ ਹਰਾਇਆ

Another Punjabi youth Jaskaran Singh creates history in Power Slap

ਮੋਗਾ : ਪਾਵਰ ਸਲੈਪ ਕਿੰਗ ਜੁਝਾਰ ਸਿੰਘ ਤੋਂ ਬਾਅਦ ਇੱਕ ਹੋਰ ਪੰਜਾਬੀ ਨੌਜਵਾਨ ਨੇ ਪਾਵਰ ਸਲੈਪ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੇ ਵਸਨੀਕ ਜਸਕਰਨ ਸਿੰਘ ਨੇ 31 ਅਕਤੂਬਰ 2025 ਨੂੰ ਸਾਊਦੀ ਅਰਬ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਨੇ ਅਮਰੀਕੀ ਖਿਡਾਰੀ ਨੂੰ ਹਰਾ ਦਿੱਤਾ। ਇਸ ਪ੍ਰਾਪਤੀ ਨਾਲ ਜਸਕਰਨ ਨੇ ਨਾ ਸਿਰਫ਼ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਨਾਲ ਉੱਚਾ ਕੀਤਾ ਹੈ। ਸਾਊਦੀ ਅਰਬ ’ਚ ਜਿੱਤ ਹਾਸਲ ਕਰਨ ਮਗਰੋਂ ਪਿੰਡ ਪਰਤਣ ’ਤੇ ਜਸਕਰਨ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪਿੰਡ ਵਾਸੀਆਂ ਨੇ ਜਸਕਰਨ ਨੂੰ ਫੁੱਲਾਂ ਦੇ ਹਾਰ ਪਾ ਸਵਾਗਤ ਕੀਤਾ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸਕਰਨ ਪਿਛਲੇ ਨੌਂ ਸਾਲਾਂ ਤੋਂ ਮੁੱਕੇਬਾਜ਼ੀ ਕਰ ਰਿਹਾ ਹੈ ਅਤੇ ਇੱਕ ਸਾਲ ਪਹਿਲਾਂ ਹੀ ਉਸ ਨੇ ਪਾਵਰ ਸਲੈਪ ’ਚ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ 13 ਦੇਸ਼ਾਂ ’ਚ ਵੱਖ-ਵੱਖ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਭਾਰਤ ਲਈ ਕਈ ਅੰਤਰਰਾਸ਼ਟਰੀ ਖਿਤਾਬ ਜਿੱਤ ਚੁੱਕਾ ਹੈ। ਜਸਕਰਨ ਸਿੰਘ ਇਸ ਸਮੇਂ ਜਲੰਧਰ ਦੇ ਸਰਕਾਰੀ ਪਸ਼ੂ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰ ਵਜੋਂ ਕੰਮ ਕਰਦੇ ਹਨ। ਉਹ ਆਪਣੀ ਡਿਊਟੀ ਦੇ ਨਾਲ-ਨਾਲ ਲਗਾਤਾਰ ਅਭਿਆਸ ਕਰਦੇ ਰਹੇ, ਜਿਸ ਦੇ ਚਲਦਿਆਂ ਉਨ੍ਹਾਂ ਸਾਊਦੀ ਅਰਬ ’ਚ ਹੋਏ ਮੁਕਾਬਲੇ ਦੌਰਾਨ ਅਮਰੀਕੀ ਖਿਡਾਰੀ ਨੂੰ ਹਰਾਇਆ।
ਜਸਕਰਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਮੁੱਕੇਬਾਜ਼ੀ ਕਰਦਾ ਆ ਰਿਹਾ ਹੈ ਅਤੇ ਉਸ ਨੇ ਪੜ੍ਹਾਈ ਅਤੇ ਖੇਡਾਂ ਦਰਮਿਆਨ ਇਹ ਸੰਤੁਲਨ ਬਣਾ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਉਹ ਇਸ ਖੇਡ ਨੂੰ ਖੇਡਣਾ ਜਾਰੀ ਰੱਖਣਗੇ ਅਤੇ ਭਾਰਤ ਦਾ ਮਾਣ ਹੋਰ ਵਧਾਉਣ ਦਾ ਯਤਨ ਕਰਨਗੇ। 
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜਸਕਰਨ ਦੀ ਸਫਲਤਾ ਪੂਰੇ ਮੋਗਾ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਐਲਾਨ ਕੀਤਾ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ 59 ਲੱਖ ਦੀ ਲਾਗਤ ਨਾਲ ਇੱਕ ਨਵਾਂ ਖੇਡ ਮੈਦਾਨ ਬਣਾਇਆ ਜਾਵੇਗਾ, ਤਾਂ ਜੋ ਹੋਰ ਨੌਜਵਾਨ ਅੰਤਰਰਾਸ਼ਟਰੀ ਪੱਧਰ ’ਤੇ ਮੋਗਾ ਦਾ ਨਾਮ ਰੌਸ਼ਨ ਕਰ ਸਕਣ।