ਪੰਜਾਬ ਦੇ ਮੰਤਰੀਆਂ ਦੇ ਤਿਆਰ ਹੋ ਰਹੇ ਹਨ ਰਿਪੋਰਟ ਕਾਰਡ, ਕਮਜ਼ੋਰ ਕਾਰਗੁਜ਼ਾਰੀ ਵਾਲੇ ਹੋਣਗੇ ਕੈਬਨਿਟ ਤੋਂ ਬਾਹਰ  

ਏਜੰਸੀ

ਖ਼ਬਰਾਂ, ਖੇਡਾਂ

ਮੰਤਰੀਆਂ ਦੇ ਕੰਮਕਾਜ ਅਤੇ ਲੋਕਾਂ ਦੀ ਸੰਤੁਸ਼ਟੀ ਦੇ ਅਧਾਰ 'ਤੇ ਤਿਆਰ ਹੋਵੇਗੀ ਰਿਪੋਰਟ 

Punjab News

ਕਮਜ਼ੋਰ ਕਾਰਗੁਜ਼ਾਰੀ ਅਤੇ ਵਿਵਾਦਿਤ ਅਕਸ ਵਾਲੇ ਹੋਣਗੇ ਕੈਬਨਿਟ ਤੋਂ ਬਾਹਰ 

ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਿਧਾਇਕਾਂ ਨੂੰ ਮਿਲੇਗੀ ਕੈਬਨਿਟ ਵਿਚ ਜਗ੍ਹਾ!
ਮੋਹਾਲੀ :
ਆਮ ਆਦਮੀ ਪਾਰਟੀ ਨੂੰ ਸੱਤ ਵਿਚ ਆਏ ਲਗਭਗ 9 ਮਹੀਨੇ ਹੋਣ ਵਾਲੇ ਹਨ। ਪਾਰਟੀ ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀਆਂ ਦੇ ਕੰਮਕਾਜ ਅਤੇ ਲੋਕਾਂ ਦੀ ਸੰਤੁਸ਼ਟੀ ਦੇ ਅਧਾਰ 'ਤੇ ਪਾਰਟੀ ਰਿਪੋਰਟ ਕਾਰਡ ਤਿਆਰ ਕਰ ਰਹੀ ਹੈ। ਹਾਈਕਮਾਂਡ ਦੇ ਹੁਕਮਾਂ 'ਤੇ ਪਾਰਟੀ ਦੇ ਤਿੰਨ ਸੀਨੀਅਰ ਆਗੂ ਇਸ ਕੰਮ ਵਿਚ ਰੁਝੇ ਹੋਏ ਹਨ। ਦੱਸ ਦੇਈਏ ਕਿ ਇਹ ਉਹੀ ਨੇਤਾ ਹਨ ਜਿਨ੍ਹਾਂ ਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਰਣਨੀਤੀ ਤਿਆਰ ਕੀਤੀ ਸੀ।

ਜਾਣਕਾਰੀ ਅਨੁਸਾਰ ਜੋ ਵੀ ਇਸ ਰਿਪੋਰਟ ਕਾਰਡ ਵਿਚ ਖਰਾ ਨਹੀਂ ਉਤਰੇਗਾ ਉਸ ਦੀ ਕੈਬਨਿਟ ਵਿਚੋਂ ਛੁੱਟੀ ਹੋਣੀ ਤੈਅ ਹੈ। ਇਸ ਤੋਂ ਇਲਾਵਾ ਵਿਵਾਦਿਤ ਅਕਸ ਵਾਲੇ ਮੰਤਰੀਆਂ ਬਾਰੇ ਪੜਤਾਲ ਹਾਈਕਮਾਂਡ ਨਾਲ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਵੀ ਕਰਨਗੇ। ਦਿੱਲੀ ਵਿਚ 18 ਦਸੰਬਰ ਨੂੰ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਵਿਚ ਪੰਜਾਬ 'ਚ ਹੋਣ ਵਾਲਿਆਂ ਅਗਾਮੀ ਵੱਖ ਵੱਖ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ। ਇਥੇ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਪੰਜਾਬ ਦੇ ਦਿੱਗਜ਼ ਨੇਤਾ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ 'ਤੇ ਵਿਚਾਰ ਕਰਨਗੇ।

ਪਾਰਟੀ ਸੂਤਰਾਂ ਮੁਤਾਬਿਕ ਇਹ ਸਾਰੀ ਕਸਰਤ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਕੁਝ ਨਵੇਂ ਚਿਹਰਿਆਂ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ। ਮੰਤਰੀ ਮੰਡਲ ਵਿਸਥਾਰ ਸਮੇਂ ਉਨ੍ਹਾਂ ਵਿਧਾਇਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।