ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਦੀ ਦੌੜ ’ਚ
ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਤੇਜ਼ ਗੇਂਦਬਾਜ਼ ਦਾ ਨਾਂ ਸੂਚੀ ’ਚ ਸ਼ਾਮਲ ਕਰਨ ਲਈ ਖੇਡ ਮੰਤਰਾਲੇ ਨੂੰ ਵਿਸ਼ੇਸ਼ ਬੇਨਤੀ ਕੀਤੀ ਗਈ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਸਾਲ ਦੇ ਅਰਜੁਨ ਪੁਰਸਕਾਰ ਲਈ ਮੁਹੰਮਦ ਸ਼ਮੀ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਇਸ 33 ਸਾਲ ਦੇ ਤੇਜ਼ ਗੇਂਦਬਾਜ਼ ਨੇ ਹਾਲ ਹੀ ’ਚ ਖ਼ਤਮ ਹੋਏ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ’ਚ ਆਸਟਰੇਲੀਆ ਤੋਂ ਹਾਰ ਗਿਆ ਸੀ।
ਖੇਡ ਮੰਤਰਾਲੇ ਦੇ ਸੂਤਰਾਂ ਮੁਤਾਬਕ BCCI ਨੇ ਸ਼ਮੀ ਦਾ ਨਾਮ ਸੂਚੀ 'ਚ ਸ਼ਾਮਲ ਕਰਨ ਦੀ ਵਿਸ਼ੇਸ਼ ਬੇਨਤੀ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਨਹੀਂ ਸੀ।
ਸ਼ਮੀ ਨੇ ਵਨਡੇ ਵਿਸ਼ਵ ਕੱਪ ’ਚ ਸਭ ਤੋਂ ਵੱਧ ਵਿਕਟਾਂ ਲਈਆਂ ਸਨ। ਉਸ ਨੇ ਸਿਰਫ ਸੱਤ ਮੈਚਾਂ ’ਚ 24 ਵਿਕਟਾਂ ਲਈਆਂ। ਪਹਿਲੇ ਚਾਰ ਮੈਚਾਂ 'ਚ ਆਊਟ ਹੋਣ ਤੋਂ ਬਾਅਦ ਜਦੋਂ ਸ਼ਮੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਸ ਦਾ ਪੂਰਾ ਫਾਇਦਾ ਚੁੱਕਿਆ। ਉਹ ਹੁਣ ਦੱਖਣੀ ਅਫਰੀਕਾ ਖਿਲਾਫ ਆਉਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਖੇਡ ਸਕਦਾ ਹੈ।
ਖੇਡ ਮੰਤਰਾਲੇ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਦਾ ਫੈਸਲਾ ਕਰਨ ਲਈ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਏ.ਐਮ. ਖਾਨਵਿਲਕਰ ਕਰਨਗੇ।
ਉਨ੍ਹਾਂ ਤੋਂ ਇਲਾਵਾ ਹਾਕੀ ਖਿਡਾਰੀ ਧਨਰਾਜ ਪਿੱਲੇ, ਸਾਬਕਾ ਟੇਬਲ ਟੈਨਿਸ ਖਿਡਾਰੀ ਕਮਲੇਸ਼ ਮਹਿਤਾ, ਸਾਬਕਾ ਮੁੱਕੇਬਾਜ਼ ਅਖਿਲ ਕੁਮਾਰ, ਮਹਿਲਾ ਨਿਸ਼ਾਨੇਬਾਜ਼ ਅਤੇ ਮੌਜੂਦਾ ਰਾਸ਼ਟਰੀ ਕੋਚ ਸ਼ੁਮਾ ਸ਼ਿਰੂਰ, ਸਾਬਕਾ ਕ੍ਰਿਕਟਰ ਅੰਜੁਮ ਚੋਪੜਾ, ਬੈਡਮਿੰਟਨ ਖਿਡਾਰੀ ਤ੍ਰਿਪਤੀ ਮੁਰਗੁੰਡੇ ਅਤੇ ਪਾਵਰਲਿਫਟਰ ਫਰਮਾਨ ਪਾਸ਼ਾ ਵੀ ਕਮੇਟੀ ਵਿਚ ਸ਼ਾਮਲ ਹਨ।