ਮੋਹਾਲੀ ਦੇ ਸ਼ੁਭਮਨ ਗਿੱਲ ਦੀ ਭਾਰਤ ਕ੍ਰਿਕਟ ਟੀਮ ਲਈ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੋਹਾਲੀ ਦੇ ਰਹਿਣ ਵਾਲੇ ਨੌਜਵਾਨ ਓਪਨਰ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਘਰੇਲੂ ਟੂਰਨਾਮੈਟਾਂ ਵਿਚ ਕੀਤੇ.........

Shubhman Gill

ਐਸ.ਏ.ਐਸ. ਨਗਰ : ਮੋਹਾਲੀ ਦੇ ਰਹਿਣ ਵਾਲੇ ਨੌਜਵਾਨ ਓਪਨਰ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਘਰੇਲੂ ਟੂਰਨਾਮੈਟਾਂ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦਾ ਅੱਜ ਇਨਾਮ ਮਿਲ ਹੀ ਗਿਆ। ਉਸ ਨੂੰ ਲੋਕੇਸ਼ ਰਾਹੁਲ ਦੀ ਜਗ੍ਹਾ 'ਤੇ ਚਲ ਰਹੀ ਮੌਜੂਦਾ ਵਨਡੇ ਸੀਰੀਜ਼ ਅਤੇ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਗਿੱਲ ਦੇ ਘਰ ਸਵੇਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਸਨ।

ਇਸ ਮੌਕੇ ਗਿੱਲ ਨੇ ਕਿਹਾ ਕਿ ਪਿਛਲੇ ਸਾਲ ਅੰਡਰ 19 ਅਤੇ ਆਈਪੀਐਲ ਦੇ ਮੈਚਾਂ ਵਿਚ ਕੀਤੇ ਵਧੀਆ ਪ੍ਰਦਰਸ਼ਨ ਦੇ ਚੱਲਦਿਆਂ ਭਾਰਤੀ ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਹੈ ਜਿਸ ਵਿਚ ਉਹ ਪਹਿਲਾਂ ਦੀ ਤਰ੍ਹਾਂ ਹੋਰ ਵੀ ਮਿਹਨਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਅੰਡਰ-19 ਵਿਸ਼ਵ ਕੱਪ, ਭਾਰਤੀ ਏ ਟੀਮ ਅਤੇ ਰਣਜੀ ਟਰਾਫ਼ੀ ਵਿਚ ਧਮਾਕੇਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ੁੱਭਮਨ ਗਿੱਲ ਆਈਪੀਐਲ ਵਿਚ ਸ਼ਾਹਰੁਖ ਖਾਨ ਦੀ ਟੀਮ ਕੋਲਕੱਤਾ ਨਾਈਟ ਰਾਈਡਰ ਵਲੋਂ ਖੇਡ ਹਨ ਅਤੇ ਪਿਛਲੇ ਸਾਲ 2018 ਦੇ ਆਈਪੀਐਲ ਵਿਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।

ਗਿੱਲ ਦੇ ਕ੍ਰਿਕਟ ਕੈਰੀਅਰ ਦਾ ਸਫ਼ਰ ਇਕ ਕਿਸਾਨ ਪਰਵਾਰ ਦੇ ਘਰ ਸ਼ੁੱਭਮਨ ਗਿੱਲ ਦਾ ਜਨਮ 8 ਫਰਵਰੀ 1999 ਨੂੰ ਫ਼ਾਜ਼ਿਲਕਾ (ਪੰਜਾਬ) ਵਿਖੇ ਹੋਇਆ। ਗਿੱਲ ਦੇ ਪਿਤਾ ਲਖਵਿੰਦਰ ਸਿੰਘ ਖ਼ੁਦ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਕਾਮਯਾਬ ਨਹੀਂ ਹੋ ਸਕੇ ਪਰ ਉਨ੍ਹਾਂ ਅਪਣੇ ਬੇਟੇ ਨੂੰ ਕ੍ਰਿਕਟਰ ਬਣਾਉਣ ਦੀ ਖਾਤਰ ਹਰ ਸੰਭਵ ਕੋਸ਼ਿਸ਼ ਕੀਤੀ, ਜਿਸ ਕਰ ਕੇ ਉਹ ਪੂਰੇ ਪਰਵਾਰ ਸਮੇਤ ਫ਼ਾਜ਼ਿਲਕਾ ਤੋਂ ਮੁਹਾਲੀ ਆ ਕੇ ਵਸ ਗਏ। ਗਿੱਲ ਨੂੰ 2017 ਵਿਚ ਰਣਜੀ ਟ੍ਰਾਫ਼ੀ ਲਈ ਪੰਜਾਬ ਲਈ ਚੁਣਿਆ ਅਤੇ ਪਹਿਲੇ ਹੀ ਮੈਚ 'ਚ ਉਸ ਨੇ 50 ਦੌੜਾਂ ਬਣਾਈਆਂ ਅਤੇ ਦੂਸਰੇ ਮੁਕਾਬਲੇ ਵਿਚ 129 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ,

ਜਿਸ ਕਾਰਨ ਉਸਨੂੰ ਅੰਡਰ 19 ਵਿਸ਼ਵ ਕੱਪ ਦੇ ਲਈ ਚੁਣ ਲਿਆ। ਭਾਰਤ ਨੇ 2018 ਵਿਚ ਅੰਡਰ-19 ਵਿਸ਼ਵ ਕੱਪ ਜਿੱਤਿਆ ਅਤੇ ਜਿਸ ਵਿਚ ਸ਼ੁਭਮਨ ਦਾ ਇਸ ਵਿਚ ਅਹਿਮ ਭੂਮਿਕਾ ਰਹੀ ਅਤੇ ਉਹ ਮੈਨ ਆਫ ਦ ਟੂਰਨਾਮੈਂਟ ਚੁਣੇ ਗਏ। ਨਿਊਜ਼ੀਲੈਂਡ ਵਿਚ ਵਿਸ਼ਵ ਕੱਪ ਵਿਚ ਉਸਨੇ 372 ਦੌੜਾ ਬਣਾਈਆਂ। ਇਸ ਵਿਚ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਦੇ ਵਿਰੁਧ ਲਗਾਇਆ ਸੈਂਕੜਾ ਵੀ ਸ਼ਾਮਲ ਹੈ। ਇਸੇ ਤਰ੍ਹਾਂ 2014 ਵਿਚ ਸ਼ੁਭਮਨ ਨੇ ਪੰਜਾਬ ਇੰਟਰ ਡਿਸਟ੍ਰਿਕਟ ਅੰਡਰ-16 ਟੂਰਨਾਮੇਂਟ ਵਿਚ 351 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ।

ਪੰਜਾਬ ਲਈ ਅੰਡਰ-16 ਦੇ ਅਪਣੇ ਡੈਬਿਯੂ ਮੈਚ ਵਿਚ ਹੀ ਉਨ੍ਹਾਂ ਨੇ ਵਿਜਯ ਮਰਚੇਂਟ ਟ੍ਰਾਫ਼ੀ ਵਿਚ ਦੋਹਰਾ ਸੈਂਕੜਾ ਜੜ ਦਿਤਾ ਸੀ। ਸ਼ੁਭਮਨ ਨੇ ਪੰਜਾਬ ਵਲੋਂ ਫਰਵਰੀ 2017 ਵਿਚ 17 ਸਾਲ ਦੀ ਉਮਰ ਵਿਚ ਵਿਜਯ ਹਜਾਰੇ ਟ੍ਰਾਫ਼ੀ ਵਿਚ ਵਿਦਰਭ ਟੀਮ ਵਿਰੁਧ ਲਿਸਟ ਏ ਡੈਬਿਊ ਕੀਤਾ ਸੀ, ਜਿਸ ਵਿਚ ਪਹਿਲੇ ਮੈਚ ਤੋਂ ਇਲਾਵਾ ਬਾਕੀ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਗਿੱਲ ਨੇ ਹੁਣ ਤਕ 36 ਮੈਚਾਂ ਵਿਚ 47.78 ਦੀ ਔਸਤ ਨਾਲ 1529 ਦੌੜਾਂ ਬਣਾ ਚੁੱਕਿਆ ਹੈ। ਜਿਸ ਵਿਚ ਉਨ੍ਹਾਂ ਦੇ 4 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ।

ਉਨ੍ਹਾਂ ਨਵੰਬਰ 2017 ਵਿਚ ਬੰਗਾਲ ਵਿਰੁਧ ਰਣਜੀ ਟ੍ਰਾਫ਼ੀ ਵਿਚ ਡੈਬਿਯੂ ਕੀਤਾ ਅਤੇ ਹੁਣ ਤਕ 9 ਰਣਜੀ ਮੈਚਾਂ ਵਿਚ 77.78 ਦੀ ਔਸਤ ਨਾਲ 1089 ਦੌੜਾ ਬਣਾ ਚੁਕੇ ਹਨ ਇਸ ਵਿਚ 3 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਲ ਹਨ।Ñਸ਼ੁੱਭਮਨ ਗਿੱਲ ਵਲੋਂ ਲਗਾਤਾਰ ਦੌੜਾਂ ਦਾ ਭੰਡਾਰ ਲਗਾਉਣ ਅਤੇ ਵੱਡੀਆਂ ਪਾਰੀਆਂ ਖੇਡਣ ਦੇ ਚੱਲਦਿਆਂ ਬੀ.ਸੀ.ਸੀ.ਆਈ ਨੇ ਬੈਸਟ ਜੂਨੀਅਰ ਕ੍ਰਿਕਟਰ ਦਾ ਐਵਾਰਡ ਮਿਲਿਆ। ਗਿੱਲ ਨੇ ਇਹ ਐਵਾਰਡ 2013-14 ਅਤੇ 2014-15 ਵਿਚ ਅਪਣੇ ਨਾਮ ਕੀਤਾ।