ਇਕ ਰੋਜ਼ਾ ਬੱਲੇਬਾਜ਼ਾਂ ਦੀ ਨਵੀਂ ਰੈਂਕਿੰਗ ’ਚ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਕੇ ਮੁੜ ਸਿਖਰ ’ਤੇ ਪਹੁੰਚੇ ਵਿਰਾਟ ਕੋਹਲੀ
93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਕੋਹਲੀ ਹੁਣ 785 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਏ
ਨਵੀਂ ਦਿੱਲੀ : ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਕ੍ਰਿਕਟ ਜਗਤ ’ਚ ਅਪਣਾ ਲੋਹਾ ਮਨਵਾਉਂਦੇ ਹੋਏ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ) ਪੁਰਸ਼ ਵਨਡੇ ਰੈਂਕਿੰਗ ’ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਵਡੋਦਰਾ ਵਿਖੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ’ਚ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਕੋਹਲੀ ਹੁਣ 785 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ (784 ਅੰਕ) ਨੂੰ ਸਿਰਫ਼ ਇਕ ਅੰਕ ਨਾਲ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ।
ਜੁਲਾਈ 2021 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ‘ਕਿੰਗ ਕੋਹਲੀ’ ਵਨਡੇ ਰੈਂਕਿੰਗ ’ਚ ਨੰਬਰ-1 ਬਣੇ ਹਨ। ਇਹ ਉਨ੍ਹਾਂ ਦੇ ਕਰੀਅਰ ਦਾ 11ਵਾਂ ਵਖਰਾ ਮੌਕਾ ਹੈ ਜਦੋਂ ਉਹ ਇਸ ਸਿਖਰਲੇ ਸਥਾਨ ’ਤੇ ਕਾਬਜ਼ ਹੋਏ ਹਨ। ਕੋਹਲੀ ਹੁਣ ਤਕ ਕੁੱਲ 825 ਦਿਨਾਂ ਤਕ ਨੰਬਰ-1 ਦੇ ਅਹੁਦੇ ’ਤੇ ਰਹਿ ਚੁੱਕੇ ਹਨ, ਜੋ ਕਿ ਕਿਸੇ ਵੀ ਭਾਰਤੀ ਖਿਡਾਰੀ ਲਈ ਸੱਭ ਤੋਂ ਵੱਧ ਅਤੇ ਵਿਸ਼ਵ ਪੱਧਰ ’ਤੇ 10ਵਾਂ ਸੱਭ ਤੋਂ ਵੱਡਾ ਰਿਕਾਰਡ ਹੈ।