ਗੁਪਟਿਲ ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਗਡਿਆ ਝੰਡਾ

ਏਜੰਸੀ

ਖ਼ਬਰਾਂ, ਖੇਡਾਂ

ਮਾਰਟਿਨ ਗੁਪਟਿਲ ਨੇ ਫ਼ਾਰਮ ਵਿਚ ਵਾਪਸੀ ਕਰਦੇ ਹੋਏ ਨਾਬਾਦ ਸੈਂਕੜਾਂ ਜੜਿਆ ਜਿਸ ਨਾਲ ਬੁਧਵਾਰ ਨੂੰ ਨੇਪਿਅਰ ਵਿਚ ਪਹਿਲੇ ਇਕ ਦਿਨਾਂ.....

Martin Guptill

ਨੇਪਿਅਰ : ਮਾਰਟਿਨ ਗੁਪਟਿਲ ਨੇ ਫ਼ਾਰਮ ਵਿਚ ਵਾਪਸੀ ਕਰਦੇ ਹੋਏ ਨਾਬਾਦ ਸੈਂਕੜਾਂ ਜੜਿਆ ਜਿਸ ਨਾਲ ਬੁਧਵਾਰ ਨੂੰ ਨੇਪਿਅਰ ਵਿਚ ਪਹਿਲੇ ਇਕ ਦਿਨਾਂ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ। ਬੰਗਲਾਦੇਸ਼ ਦੇ 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ 44.3 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 233 ਦੌੜਾਂ ਬਣਾ ਕੇ ਆਸਾਨ ਜਿੱਤ ਪ੍ਰਾਪਤ ਕੀਤੀ। ਬੰਗਲਾਦੇਸ਼ ਦੀ ਟੀਮ 5ਵੀਂ ਵਾਰ ਨਿਊਜ਼ੀਲੈਂਡ ਦਾ ਦੌਰਾ ਕਰ ਰਹੀ ਹੈ ਅਤੇ ਹੁਣ ਤਕ ਕਿਸੇ ਵੀ ਰੂਪ ਵਿਚ ਇਥੇ ਇਕ ਵੀ ਮੈਚ ਨਹੀਂ ਜਿੱਤ ਸਕੀ।

ਲੜੀ ਦਾ ਦੂਸਰਾ ਮੈਚ ਸ਼ਨਿਚਰਵਾਰ ਨੂੰ ਕਰਾਇਸਚਰਚ ਵਿਖੇ ਖੇਡਿਆ ਜਾਵੇਗਾ। ਗੁਪਟਿਲ ਅਤੇ ਹੇਨਰੀ ਨਿਕੋਲਸ ਨੇ ਵਿਸ਼ਵ ਕੱਪ ਵਿਚ ਪਾਰੀ ਦਾ ਆਗਾਜ਼ ਕਰਨ ਦਾ ਦਾਅਵਾ ਮਜ਼ਬੂਤ ਕਰਦੇ ਹੋਏ ਪਹਿਲੇ ਵਿਕਟ ਲਈ 103 ਦੌੜਾਂ ਦੀ ਸਾਂਝ ਨਾਲ ਨਿਊਜ਼ੀਲੈਂਡ ਨੇ ਵਧੀਆ ਸ਼ੁਰੂਆਤ ਕੀਤੀ। ਸੱਟ ਤੋਂ ਬਾਦ ਵਾਪਸੀ ਕਰਦੇ ਹੋਏ ਗੁਪਟਿਲ ਨੇ 116 ਗੇਂਦਾਂ ਵਿਚ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 117 ਦੌੜਾਂ ਬਣਾਈਆਂ ਜੋ ਉਨ੍ਹਾਂ ਦਾ 15ਵਾਂ ਸੈਂਕੜਾ ਹੈ। ਨਿਕੋਲਸ ਨੇ 80 ਗੇਂਦਾ ਵਿਚ ਪੰਜ ਚੌਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ।

ਗੁਪਟਿਲ ਨੇ ਇਸ ਤੋਂ ਬਾਦ ਅਨੁਭਵੀ ਰੋਸ ਟੇਲਰ (ਨਾਬਾਦ45) ਨਾਲ ਵੀ ਤੀਸਰੇ ਵਿਕਟ ਲਈ 96 ਦੌੜਾਂ ਦੀ ਅਟੁੱਟ ਸਾਂਝਦਾਰੀ ਕਰ ਕੇ ਨਿਊਜ਼ੀਲੈਂਡ ਦੀ  ਅਸਾਨ ਜਿੱਤ ਨਿਸ਼ਚਿਤ ਕੀਤੀ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਗ਼ਲਤ ਸਾਬਿਤ ਹੋਇਆ। ਟੀਮ ਨੇ 42 ਦੌੜਾਂ 'ਤੇ ਹੀ ਚਾਰ ਵਿਕਟ ਗੁਆ ਦਿਤੇ। ਮੁਹੰਮਦ ਮਿਥੁਨ ਨੇ 62 ਦੌੜਾਂ ਦੀ ਜੁਝਾਰੂ ਪਾਰੀ ਖੇਡੀ ਅਤੇ ਸਨਮਾਨਯੋਗ ਸਕੋਰ ਖੜਾ ਕੀਤਾ। ਬੰਗਲਾਦੇਸ਼ ਦੀ ਟੀਮ 48.5 ਓਵਰਾਂ ਵਿਚ 233 ਦੌੜਾਂ 'ਤੇ ਹੀ ਢੇਰ ਹੋ ਗਈ। (ਭਾਸ਼ਾ)