ਟੀ-20 ਵਿਸ਼ਵ ਕੱਪ : ਆਇਰਲੈਂਡ ਦੀ ਓਮਾਨ ’ਤੇ ਸ਼ਾਨਦਾਰ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਇਰਲੈਂਡ ਦੇ ਕਪਤਾਨ ਲੌਰਕਨ ਟਕਰ ਨੇ ਖੇਡੀ 94 ਦੌੜਾਂ ਦੀ ਤੂਫਾਨੀ ਪਾਰੀ

T20 World Cup: Ireland's stunning win over Oman

ਕੋਲੰਬੋ : ਟੀ-20 ਵਿਸ਼ਵ ਕੱਪ 2026 ਦੇ ਇਕ ਅਹਿਮ ਮੁਕਾਬਲੇ ਵਿਚ ਆਇਰਲੈਂਡ ਨੇ ਅਪਣੇ ਕਪਤਾਨ ਲੌਰਕਨ ਟਕਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਓਮਾਨ ਨੂੰ 96 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿਤਾ ਹੈ। ਇਸ ਜਿੱਤ ਦੇ ਨਾਲ ਹੀ ਆਇਰਲੈਂਡ ਨੇ ਟੂਰਨਾਮੈਂਟ ਵਿਚ ਅਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।
ਕੋਲੰਬੋ ਵਿਖੇ ਖੇਡੇ ਗਏ ਇਸ ਮੈਚ ਵਿਚ ਆਇਰਲੈਂਡ ਦੇ ਕਪਤਾਨ ਲੌਰਕਨ ਟਕਰ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਮਹਿਜ਼ 51 ਗੇਂਦਾਂ ਵਿਚ ਨਾਬਾਦ 94 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਟਕਰ ਦੀ ਇਸ ਸ਼ਾਨਦਾਰ ਬੱਲੇਬਾਜ਼ੀ ਸਦਕਾ ਆਇਰਲੈਂਡ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ 235 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

236 ਦੌੜਾਂ ਦੇ ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਓਮਾਨ ਦੀ ਟੀਮ ਆਇਰਲੈਂਡ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ। ਪੂਰੀ ਟੀਮ ਮਹਿਜ਼ 139 ਦੌੜਾਂ 'ਤੇ ਹੀ ਸਿਮਟ ਗਈ ਅਤੇ ਆਇਰਲੈਂਡ ਨੇ ਇਹ ਮੁਕਾਬਲਾ ਇਕਪਾਸੜ ਤਰੀਕੇ ਨਾਲ ਜਿੱਤ ਲਿਆ।

ਇਸ ਮੈਚ ਵਿਚ ਆਇਰਲੈਂਡ ਦੇ ਹੋਰਨਾਂ ਬੱਲੇਬਾਜ਼ਾਂ ਜਿਵੇਂ ਗੈਰੇਥ ਡੇਲੇਨੀ ਅਤੇ ਜਾਰਜ ਡੌਕਰੇਲ ਨੇ ਵੀ ਅਹਿਮ ਯੋਗਦਾਨ ਪਾਇਆ ਸੀ, ਜਿਸ ਨਾਲ ਟੀਮ ਇਸ ਵੱਡੇ ਸਕੋਰ ਤਕ ਪਹੁੰਚਣ ਵਿਚ ਸਫ਼ਲ ਰਹੀ। ਆਇਰਲੈਂਡ ਦੀ ਇਸ ਵੱਡੀ ਜਿੱਤ ਨੇ ਦੂਜੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ।