ਏਸ਼ੀਆਈ ਚੈਂਪੀਅਨਜ਼ ਹਾਕੀ ਟਰਾਫ਼ੀ - ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਵਨੀਤ ਕੌਰ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪੰਜਵੇਂ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ ਜਾਪਾਨ 'ਤੇ 4-1 ਦੀ ਜਿੱਤ...

Asian hockey Championship

ਕੋਰੀਆ, ਨਵਨੀਤ ਕੌਰ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪੰਜਵੇਂ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ ਜਾਪਾਨ 'ਤੇ 4-1 ਦੀ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ।ਨੌਜਵਾਨ ਫ਼ਾਰਵਰਡ ਨਵਨੀਤ ਨੇ ਸੱਤਵੇਂ, 25ਵੇਂ ਅਤੇ 55ਵੇਂ ਮਿੰਟ 'ਚ ਗੋਲ ਕੀਤੇ, ਜਦੋਂ ਕਿ ਇਕ ਗੋਲ ਅਨੂਪਾ ਬਾਰਲਾ (53ਵੇਂ ਮਿੰਟ 'ਚ) ਨੇ ਕੀਤਾ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਸ਼ਾਨਦਾਰ ਰਣਨੀਤੀ ਬਣਾਉਂਦਿਆਂ ਜਾਪਾਨੀ ਡਿਫ਼ੈਂਸ 'ਤੇ ਹਮਲਾ ਕੀਤਾ। ਫ਼ਾਰਵਰਡ ਵੰਦਨਾ ਕਟਾਰੀਆ ਅਤੇ ਲਿਲਿਮਾ ਮਿੰਜ ਨੇ ਸਰਕਲ 'ਚ ਮੌਕਾ ਬਣਾਇਆ। ਨਵਨੀਤ ਨੇ ਵੰਦਨਾ ਦੀ ਮਦਦ ਨਾਲ ਇਸ ਦੇ ਗੋਲ 'ਚ ਬਦਲ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿਤਾ। ਟੀਮ ਨੇ ਨਿਰੰਤਰ ਪ੍ਰਦਰਸ਼ਨ ਜਾਰੀ ਰਖਦਿਆਂ ਜਾਪਾਨ 'ਤੇ ਦਬਦਬਾ ਬਣਾ ਕੇ ਰੱਖਿਆ।ਕਪਤਾਲ ਸੁਨੀਤਾ ਲਕੜਾ ਦੀ ਅਗਵਾਈ ਵਾਲੇ ਮਜਬੂਤ ਡਿਫ਼ੈਂਸ ਨੇ ਸੁਨਿਸ਼ਚਿਤ ਕੀਤਾ ਕਿ ਜਾਪਾਨ ਦੇ ਖਿਡਾਰੀ ਸਰਕਲ 'ਚ ਸੰਨ੍ਹ ਨਹੀਂ ਲਗਾ ਸਕੇ। ਨਵਨੀਤ ਨੇ ਮੁੜ ਸਰਕਲ ਦੇ ਉਪਰੋਂ ਵੰਦਨਾ ਦੀ ਮਦਦ ਨਾਲ 25ਵੇਂ ਮਿੰਟ 'ਚ ਭਾਰਤ ਦਾ ਵਾਧਾ ਦੁਗਣਾ ਕੀਤਾ।

ਤੀਜੇ ਕੁਆਟਰ 'ਚ ਵੀ ਇਹ ਸਿਲਸਿਲਾ ਜਾਰੀ ਰਿਹਾ, ਜਿਸ 'ਚ ਮੀਂਹ ਨੇ ਵੀ ਰੁਕਾਵਟ ਪਾਈ। ਤੀਜੇ ਕੁਟਾਟਰ 'ਚ ਭਾਰਤ ਨੇ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਦੀਪ ਗ੍ਰੇਸ ਏਕਾ ਅਤੇ ਗੁਰਜੀਤ ਕੌਰ ਇਨ੍ਹਾਂ ਨੂੰ ਗੋਲ 'ਚ ਤਬਦੀਲ ਨਹੀਂ ਕਰ ਸਕੀਆਂ।ਇਸੇ ਕੁਆਟਰ 'ਚ ਜਾਪਾਨ ਨੂੰ ਵੀ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਦੀ ਤਜ਼ਰਬੇਕਾਰ ਗੋਲਕੀਪਰ ਸਵਿਤਾ ਸਾਹਮਣੇ ਇਸ ਦਾ ਲਾਭ ਨਹੀਂ ਉਠਾ ਸਕੇ। ਉਦਿਤਾ ਦੀ ਮਦਦ ਨਾਲ ਅਨੂਪਾ ਬਾਰਲਾ ਨੇ ਵਿਰੋਧੀ ਡਿਫ਼ੈਂਸ ਨੂੰ ਪਛਾੜਦਿਆਂ ਭਾਰਤ ਲਈ ਤੀਜਾ ਗੋਲ ਦਾਗ ਦਿਤਾ। ਟੀਮ ਦਾ ਚੌਥਾ ਗੋਲ ਜਵਾਬੀ ਹਮਲੇ 'ਚ ਹੋਇਆ, ਜਦੋਂ ਜਾਪਾਨ ਨੇ 55ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰਨ ਦਾ ਮੌਕਾ ਗਵਾਇਆ। ਨਵਨੀਤ ਨੇ ਉਦਿਤਾ ਨੂੰ ਪਾਸ ਦਿਤਾ ਅਤੇ ਫਿਰ ਖ਼ੁਦ ਬੇਹਤਰ ਕੋਣ ਤੋਂ ਆਸਾਨੀ ਨਾਲ ਇਸ ਨੂੰ ਗੋਲ 'ਚ ਪਾ ਦਿਤਾ। ਜਾਪਾਨ ਲਈ ਗੋਲ 58ਵੇਂ ਮਿੰਟ 'ਚ ਅਕੀ ਯਾਮਾਡਾ ਨੇ ਦਾਗਿਆ। ਹੁਣ ਭਾਰਤ ਦਾ ਸਾਹਮਣਾ 16 ਮਈ ਨੂੰ ਦੂਜੇ ਪੂਲ ਮੈਚ 'ਚ ਚੀਨ ਨਾਲ ਹੋਵੇਗਾ। ਨਵਨੀਤ ਨੂੰ ਮੈਨ ਆਫ਼ ਦਾ ਮੈਚ ਪੁਰਸਕਾਰ ਨਾਲ ਨਿਵਾਜਿਆ ਗਿਆ।   (ਏਜੰਸੀ)