'ਪਬ ਜੀ' 'ਚ ਲੁਟਾਇਆ 16 ਲੱਖ, ਬੱਚਿਆਂ ਅਤੇ ਮਾਪਿਆਂ ਲਈ ਸਬਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਤਕਨੀਕੀ ਤਰੱਕੀ ਨੇ ਦੇਸ਼ ਅਤੇ ਦੁਨੀਆਂ ਦਾ ਨਕਸ਼ਾ ਬਦਲ ਦਿਤਾ ਹੈ

16 lakh looted in 'PUBG', lessons for children and parents

ਇਸ ਵਿਚ ਕੋਈ ਸ਼ੱਕ ਨਹੀਂ ਕਿ ਤਕਨੀਕੀ ਤਰੱਕੀ ਨੇ ਦੇਸ਼ ਅਤੇ ਦੁਨੀਆਂ ਦਾ ਨਕਸ਼ਾ ਬਦਲ ਦਿਤਾ ਹੈ। ਬਹੁਤ ਸਾਰੇ ਕੰਮ ਇੰਨੇ ਸੌਖੇ ਅਤੇ ਤੇਜ਼ ਹੋ ਗਏ ਹਨ, ਜਿਨ੍ਹਾਂ ਦੀ ਕਲਪਨਾ ਵੀ ਕਰਨੀ ਔਖੀ ਸੀ। ਜਿਵੇਂ ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ,  ਉਸੇ ਤਰ੍ਹਾਂ ਸਾਇੰਸ ਦੀ ਹਰ ਖੋਜ ਦੇ ਅਨੇਕਾਂ ਫ਼ਾਇਦਿਆਂ ਦੇ ਨਾਲ-ਨਾਲ ਕੁੱਝ ਨੁਕਸਾਨ ਵੀ ਜ਼ਰੂਰ ਹੁੰਦੇ ਹਨ।  ਤਕਨਾਲੋਜੀ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਵਰਦਾਨ ਸਾਬਤ ਹੋ ਸਕਦੀ ਹੈ

ਪਰ ਇਸ ਦੀ ਗਲਤ ਵਰਤੋਂ ਕਿਸੇ ਸਰਾਪ ਤੋਂ ਘੱਟ ਨਹੀਂ ਹੁੰਦੀ। ਅਸਲ ਵਿਚ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਬਾਰੇ ਪੂਰਨ ਜਾਣਕਾਰੀ ਅਤੇ ਸਮਝ ਹੋਣੀ ਲਾਜ਼ਮੀ ਹੈ। ਸਾਡੇ ਦੇਸ਼ ਵਿਚ ਸਮਾਰਟ ਫ਼ੋਨਾਂ ਦਾ ਚਲਣ ਇਕਦਮ ਵਧਿਆ ਹੈ। ਜੀਊ ਨੈਟਵਰਕ ਦੇ ਆਗਮਨ ਨਾਲ ਸਸਤੀ ਇੰਟਰਨੈੱਟ ਸੇਵਾ ਨੇ ਹਰ ਇਕ ਨੂੰ ਸਮਾਰਟ ਫ਼ੋਨ ਦੀ ਵਰਤੋਂ ਵਲ ਖਿੱਚਿਆ ਹੈ। ਖ਼ਾਸ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਵਿਚ ਇਸ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।  

ਲਾਕਡਾਊਨ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿਚ ਵਿਹਲੇ ਹਨ। ਇਸ ਕਰ ਕੇ ਮਾਂ ਬਾਪ ਵੀ ਮੋਬਾਈਲ ਫ਼ੋਨ ਦੀ ਵਰਤੋਂ ਤੋਂ ਜ਼ਿਆਦਾ ਨਹੀਂ ਰੋਕਦੇ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਹੋਰ ਵਿਚਾਰੇ ਕਰਨ ਵੀ ਕੀ? ਦੂਸਰਾ ਸਕੂਲਾਂ ਦੀ ਆਨਲਾਈਨ ਸਿਖਿਆ ਸ਼ੁਰੂ ਹੋਣ ਕਰ ਕੇ ਮਾਪਿਆਂ ਨੂੰ ਨਾ ਚਾਹੁੰਦੇ ਵੀ ਮੋਬਾਈਲ ਫ਼ੋਨ ਬੱਚਿਆਂ ਦੇ ਹੱਥ ਫੜਾਉਣੇ ਪਏ।

ਇਸ ਨਾਲ ਬੱਚੇ ਕੁੱਝ ਸਮਾਂ ਪੜ੍ਹਨ ਤੋਂ ਬਾਅਦ ਅਪਣੀਆਂ ਮਨਪਸੰਦ ਗੇਮਾਂ ਅਤੇ ਵੀਡੀਉ ਵੇਖਣਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਬੱਚੇ ਸਮਾਰਟ ਫ਼ੋਨ ਦੇ ਆਦੀ ਬਣ ਗਏ ਹਨ। ਦੂਸਰੇ ਪਾਸੇ ਬੈਂਕ ਵੀ ਖਾਤਿਆਂ ਨਾਲ ਮੋਬਾਈਲ ਨੰਬਰ ਜ਼ਰੂਰ ਜੋੜਦੇ ਹਨ। ਕਈ ਵਾਰ ਤਾਂ ਇੰਟਰਨੈੱਟ ਬੈਂਕਿੰਗ ਵੀ ਐਕਟੀਵੇਟ ਕਰ ਦਿੰਦੇ ਹਨ ਜਿਸ ਨਾਲ ਸਮਾਰਟ ਫ਼ੋਨ ਦੀ ਮਦਦ ਨਾਲ ਪੈਸੇ ਦਾ ਲੈਣ ਦੇਣ ਕੀਤਾ ਜਾ ਸਕਦਾ ਹੈ।

ਇੰਟਰਨੈੱਟ ਦੀ ਵਰਤੋਂ ਵਧਣ ਨਾਲ ਮਾਰਕੀਟ ਵਿਚ ਬਹੁਤ ਸਾਰੀਆਂ ਆਨਲਾਈਨ ਅਤੇ ਆਫ਼ਲਾਈਨ ਗੇਮਾਂ ਦੀ ਭਰਮਾਰ ਹੈ, ਜਿਨ੍ਹਾਂ ਗੇਮਾਂ ਨੂੰ ਅਕਸਰ ਹੀ ਬੱਚਿਆਂ ਵਲੋਂ ਖੇਡਿਆ ਜਾਂਦਾ ਹੈ। ਇਹ ਮੋਬਾਈਲ ਗੇਮਾਂ ਬੱਚਿਆਂ ਦੇ ਦਿਮਾਗ਼ ਉਤੇ ਬੁਰਾ ਅਸਰ ਪਾਉਣ ਦੇ ਨਾਲ-ਨਾਲ ਜਾਨਲੇਵਾ ਅਤੇ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣ ਰਹੀਆਂ ਹਨ ।

ਹੁਣ ਗੱਲ ਕਰੀਏ ਪਿਛਲੇ ਦਿਨੀਂ ਮਿਲੀਆਂ ਖ਼ਬਰਾਂ ਦੀ ਜਿਨ੍ਹਾਂ ਅਨੁਸਾਰ ਪੰਜਾਬ ਵਿਚ ਹੀ ਦੋ ਬੱਚਿਆਂ ਨੇ ਘਰਦਿਆਂ ਦੀ ਮਿਹਨਤ ਦੀ ਕਮਾਈ ਪਬ ਜੀ ਗੇਮ ਲੇਖੇ ਲਾ ਦਿਤੀ। ਇਕ ਬੱਚੇ ਨੇ 2 ਲੱਖ ਅਤੇ ਦੂਜੇ ਨੇ 16 ਲੱਖ ਰੁਪਏ ਗੇਮਾਂ ਵਿਚ ਵਰਚੁਅਲ ਹਥਿਆਰਾਂ ਵਗੈਰਾ ਦੀ ਖ਼ਰੀਦਦਾਰੀ 'ਤੇ ਖ਼ਰਚ ਕਰ ਦਿਤੇ। ਪੈਸੇ ਸਿੱਧੇ ਖ਼ਾਤੇ ਵਿਚੋਂ ਕਟਣ ਕਾਰਨ ਘਰ ਵਾਲਿਆਂ ਨੂੰ ਭਿਣਕ ਵੀ ਨਹੀਂ ਪਈ ਅਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਉਕਤ ਘਟਨਾਵਾਂ ਤੋਂ ਸਾਨੂੰ ਸਾਰਿਆਂ ਨੂੰ ਸਬਕ ਸਿੱਖਣ ਦੀ ਲੋੜ ਹੈ। ਅਕਸਰ ਹੀ ਬੱਚੇ ਮਾਂ-ਬਾਪ ਜਾਂ ਕਿਸੇ ਰਿਸ਼ਤੇਦਾਰ ਦਾ ਸਮਾਰਟ ਫ਼ੋਨ ਫੜ ਕੇ ਗੇਮ ਖੇਡਦੇ ਹਨ। ਬੱਚੇ ਅਣਜਾਣ ਹੁੰਦੇ ਹਨ ਕਈ ਵਾਰ ਉਹ  ਗੇਮ ਨੂੰ ਹੋਰ ਵਧੀਆ ਬਣਾਉਣ ਲਈ ਵਰਚੁਅਲ ਹਥਿਆਰ ਜਾਂ ਐਨੀਮੇਸ਼ਨ ਖਰੀਦਣ ਦਾ ਵਿਕਲਪ ਚੁਣ ਲੈਂਦੇ ਹਨ। ਖਾਤਾ ਬੈਂਕ ਨਾਲ ਜੁੜਿਆ ਹੋਣ 'ਤੇ ਅਦਾਇਗੀ ਬੈਂਕ ਖਾਤੇ ਵਿਚੋਂ ਹੋ ਸਕਦੀ ਹੈ।

ਇਸ ਲਈ ਇਸ ਸਬੰਧੀ ਮਾਪਿਆਂ ਅਤੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਮਾਪਿਆਂ ਨੂੰ ਅਕਸਰ ਅਪਣੇ ਬੱਚਿਆਂ ਦੇ ਸਮਾਰਟ ਫ਼ੋਨਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ  ਬੱਚਾ ਮੋਬਾਈਲ ਫ਼ੋਨ ਵਿਚ ਕੀ ਵੇਖ ਰਿਹਾ ਹੈ ਅਤੇ ਕੀ ਖੇਡ ਰਿਹਾ ਹੈ। ਬੱਚਿਆਂ 'ਤੇ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਉਤੇ ਤਿੱਖੀ ਨਜ਼ਰ ਰਖਣੀ ਚਾਹੀਦੀ ਹੈ।

ਜੇਕਰ ਤੁਸੀ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਐਕਟੀਵੇਟ ਕਰਵਾਈ ਹੈ ਤਾਂ ਅਪਣੇ ਸਮਾਰਟ ਫ਼ੋਨ ਨੂੰ ਸੁਰੱਖਿਅਤ ਰਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜੇਕਰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਬੈਂਕ ਤੋਂ ਇਹ ਸੇਵਾਵਾਂ ਤੁਰੰਤ ਬੰਦ ਕਰਵਾ ਦੇਣੀਆਂ ਚਾਹੀਦੀਆਂ ਹਨ। ਸੱਭ ਤੋਂ ਵੱਡੀ ਗੱਲ ਬੱਚਿਆਂ ਨੂੰ ਬਾਹਰੀ ਖੇਡਾਂ ਖੇਡਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।
-ਚਾਨਣ ਦੀਪ ਸਿੰਘ ਔਲਖ ਮੋਬਾਈਲ : 9876888177