ਰੋਹਿਤ ਅਤੇ ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕਿਆ ਪਾਕਿਸਤਾਨ, 8-0 ਹੋਇਆ ਰੀਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਇਕਤਰਫਾ ਜਿੱਤ ਦਰਜ ਕਰ ਕੇ ਭਾਰਤ ਅੰਕ ਤਾਲਿਕਾ ’ਚ ਪਹਿਲੇ ਨੰਬਰ ’ਤੇ ਪੁੱਜਾ

IND vs PAK

ਅਹਿਮਦਾਬਾਦ: ਨੀਲੇ ਸਮੁੰਦਰ ’ਚ ਡੁੱਬੇ ਨਰਿੰਦਰ ਮੋਦੀ ਸਟੇਡੀਅਮ ’ਚ ਰੋਹਿਤ ਸ਼ਰਮਾ ਦਾ ਬੱਲਾ ਕੁਝ ਇਸ ਤਰ੍ਹਾਂ ਚਲਿਆ ਕਿ ਪਾਕਿਸਤਾਨੀ ਗੇਂਦਬਾਜ਼ੀ ਦੇ ਹਮਲੇ ਦੀ ਧਾਰ ਖੁੰਢੀ ਹੋ ਗਈ ਅਤੇ ਇਸ ਚਰਚਿਤ ਮੁਕਾਬਲੇ ’ਚ ਭਾਰਤ ਨੇ ਸ਼ਨਿਚਰਵਾਰ ਨੂੰ 7 ਵਿਕਟਾਂ ਨਾਲ ਇਕਤਰਫਾ ਜਿੱਤ ਦਰਜ ਕਰ ਕੇ ਵਿਸ਼ਵ ਕੱਪ ’ਚ ਕੱਟੜ ਵਿਰੋਧੀ ਵਿਰੁਧ ਜਿੱਤਾਂ ਦਾ ਰੀਕਾਰਡ 8-0 ਕਰ ਲਿਆ।

ਕਈ ਮਹੀਨਿਆਂ ਤੋਂ ਜਿਸ ਮੈਚ ਦੀ ਗੱਲ ਹੋ ਰਹੀ ਸੀ, ਉਸ ’ਚ ਨਾ ਤਾਂ ਸ਼ਾਹੀਨ ਸ਼ਾਹ ਅਫਰੀਦੀ ਨੂੰ ਕੋਈ ਸਵਿੰਗ ਮਿਲੀ ਅਤੇ ਨਾ ਹੀ ਬਾਬਰ ਆਜ਼ਮ ਦਾ ਬੱਲਾ ਕੰਮ ਆਇਆ। ਇਸ ਸ਼ਾਨਦਾਰ ਮੈਚ ’ਚ ਬੱਲਾ ਵੀ ਮੇਜ਼ਬਾਨ ਟੀਮ ਦੀ ਚਲਿਆ ਅਤੇ ਗੇਂਦਬਾਜ਼ ਵੀ। ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 42.5 ਓਵਰਾਂ ’ਚ 191 ਦੌੜਾਂ ’ਤੇ ਢੇਰ ਕਰ ਦਿਤਾ ਅਤੇ ਜਵਾਬ ’ਚ ਬੱਲੇਬਾਜ਼ਾਂ ਨੇ 30.2 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਵਿਸ਼ਵ ਕੱਪ ’ਚ 1992 ਤੋਂ ਬਾਅਦ ਭਾਰਤ ਦੀ ਪਾਕਿਸਤਾਨ ’ਤੇ ਇਹ ਲਗਾਤਾਰ ਅੱਠਵੀਂ ਜਿੱਤ ਹੈ।

ਨਰਾਤਿਆਂ ਦੀ ਤਿਆਰੀ ਕਰ ਰਹੇ ਸ਼ਹਿਰ ਨੂੰ ਭਾਰਤ ਦੀ ਜਿੱਤ ਨੇ ਇਕ ਦਿਨ ਪਹਿਲਾਂ ਹੀ ਜਸ਼ਨਮਈ ਕਰ ਦਿਤਾ ਅਤੇ ਮੈਦਾਨ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਦਰਸ਼ਕਾਂ ਦੀ ਖੁਸ਼ੀ ਨੇ ਸੰਕੇਤ ਦਿਤਾ ਕਿ ਸਟੇਡੀਅਮ ’ਚ ਜਿੱਤ ਦਾ ਜਸ਼ਨ ਰੁਕਣ ਵਾਲਾ ਨਹੀਂ ਹੈ। ਦੇਸ਼ ਦੇ ਕੋਨੇ-ਕੋਨੇ ’ਚ ਟੀ.ਵੀ. ਦੇ ਸਾਹਮਣੇ ਬੈਠੇ ਕ੍ਰਿਕਟ ਪ੍ਰੇਮੀਆਂ ਲਈ ਅੱਜ ਤੋਂ ਹੀ ਤਿਉਹਾਰ ਸ਼ੁਰੂ ਹੋ ਗਿਆ ਹੈ।

ਇਸ ਜਿੱਤ ਦੇ ਨਾਲ ਹੀ ਭਾਰਤ ਨੇ ਰਨ-ਰੇਟ ’ਚ ਨਿਊਜ਼ੀਲੈਂਡ ਨੂੰ ਵੀ ਪਛਾੜ ਦਿਤਾ ਅਤੇ ਤਿੰਨ ਮੈਚਾਂ ’ਚ ਛੇ ਅੰਕਾਂ ਨਾਲ ਅੰਕ ਸੂਚੀ ’ਚ ਸਿਖਰ ’ਤੇ ਪਹੁੰਚ ਗਿਆ। ਜਦਕਿ ਪਾਕਿਸਤਾਨ ਟੂਰਨਾਮੈਂਟ ’ਚ ਪਹਿਲੀ ਹਾਰ ਤੋਂ ਬਾਅਦ ਚੌਥੇ ਸਥਾਨ ’ਤੇ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ’ਚ ਗੇਂਦਬਾਜ਼ ਅਤੇ ਕਪਤਾਨ ਰੋਹਿਤ ਸ਼ਰਮਾ ਭਾਰਤ ਦੀ ਜਿੱਤ ਦੇ ਨਿਰਮਾਤਾ ਸਨ। ਗੇਂਦਬਾਜ਼ਾਂ ਨੇ ਵਨਡੇ ਵਿਸ਼ਵ ਕੱਪ ’ਚ ਪਾਕਿਸਤਾਨ ਨੂੰ ਭਾਰਤ ਵਿਰੁਧ ਦੂਜੇ ਸਭ ਤੋਂ ਘੱਟ ਸਕੋਰ ’ਤੇ ਆਊਟ ਕਰ ਦਿਤਾ। ਇਸ ਤੋਂ ਪਹਿਲਾਂ 1999 ’ਚ ਪਾਕਿਸਤਾਨੀ ਟੀਮ 180 ਦੌੜਾਂ ’ਤੇ ਆਊਟ ਹੋ ਗਈ ਸੀ।

ਦਿੱਲੀ ’ਚ ਅਫਗਾਨਿਸਤਾਨ ਵਿਰੁਧ ਅਪਣੇ ਰਿਕਾਰਡ ਤੋੜ ਸੈਂਕੜੇ ਤੋਂ ਬਾਅਦ ਲਗਾਤਾਰ ਦੂਜੇ ਸੈਂਕੜੇ ਵੱਲ ਵਧ ਰਹੇ ਰੋਹਿਤ 22ਵੇਂ ਓਵਰ ’ਚ 86 ਦੌੜਾਂ ਬਣਾ ਕੇ ਅਫਰੀਦੀ ਦੀ ਗੇਂਦ ’ਤੇ ਇਫਤਿਖਾਰ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ ਪਰ ਉਦੋਂ ਤਕ ਮੈਚ ਪਾਕਿਸਤਾਨ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਸੀ। ਰੋਹਿਤ ਨੇ 63 ਗੇਂਦਾਂ ’ਚ ਛੇ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 86 ਦੌੜਾਂ ਬਣਾਈਆਂ।

ਉਸ ਦੇ ਜਾਣ ਤੋਂ ਬਾਅਦ ਸ਼੍ਰੇਅਸ ਅਈਅਰ (ਅਜੇਤੂ 53) ਅਤੇ ਕੇ.ਐਲ. ਰਾਹੁਲ (ਅਜੇਤੂ 19) ਨੇ ਜਿੱਤ ਦੀਆਂ ਰਸਮਾਂ ਪੂਰੀਆਂ ਕੀਤੀਆਂ। ਡੇਂਗੂ ਤੋਂ ਠੀਕ ਹੋ ਕੇ ਵਾਪਸੀ ਕਰਨ ਵਾਲੇ ਸ਼ੁਭਮਨ ਗਿੱਲ (16) ਅਤੇ ਵਿਰਾਟ ਕੋਹਲੀ (16) ਸਸਤੇ ’ਚ ਆਊਟ ਹੋ ਗਏ। ਇਸ ਤੋਂ ਪਹਿਲਾਂ ਭਾਰਤ ਲਈ ਨਵੀਂ ਗੇਂਦ ਨੂੰ ਸੰਭਾਲਣ ਵਾਲੇ ਸਿਰਾਜ ਅਤੇ ਬੁਮਰਾਹ ਨੇ ਅਪਣੀ ਲੈਂਥ ਬਦਲ ਕੇ ਸੀਮ ਦਾ ਪੂਰਾ ਫਾਇਦਾ ਉਠਾਇਆ ਅਤੇ ਪਾਕਿਸਤਾਨ ਦੇ ਮੱਧਕ੍ਰਮ ਨੂੰ ਢਾਹ ਲਾਈ। ਕੁਲਦੀਪ ਯਾਦਵ ਨੇ ਸਾਊਦ ਸ਼ਕੀਲ (ਛੇ) ਅਤੇ ਇਫਤਿਖਾਰ ਅਹਿਮਦ (ਚਾਰ) ਨੂੰ ਲਗਾਤਾਰ ਆਊਟ ਕਰ ਕੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਾ ਦਿਤੀਆਂ।

ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਰੋਹਿਤ ਦੇ ਫੈਸਲੇ ’ਤੇ ਕਈਆਂ ਦੀਆਂ ਭਰਵੀਆਂ ਉੱਠੀਆਂ ਹੋਣਗੀਆਂ ਪਰ ਭਾਰਤ ਨੇ ਮੈਚ ’ਤੇ ਸ਼ੁਰੂ ਤੋਂ ਹੀ ਦਬਾਅ ਬਣਾਈ ਰਖਿਆ। ਪਾਕਿਸਤਾਨ ਲਈ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਤੀਜੇ ਵਿਕਟ ਲਈ 82 ਦੌੜਾਂ ਜੋੜੀਆਂ ਪਰ ਉਨ੍ਹਾਂ ਤੋਂ ਇਲਾਵਾ ਕੋਈ ਵੀ ਸਾਂਝੇਦਾਰੀ ਨਹੀਂ ਕਰ ਸਕਿਆ। ਬਾਬਰ ਨੇ 58 ਗੇਂਦਾਂ ’ਚ 50 ਦੌੜਾਂ ਅਤੇ ਰਿਜ਼ਵਾਨ ਨੇ 69 ਗੇਂਦਾਂ ’ਚ 49 ਦੌੜਾਂ ਬਣਾਈਆਂ। ਸਿਰਾਜ ਨੇ ਪਾਕਿਸਤਾਨੀ ਕਪਤਾਨ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਬਾਬਰ ਦੇ ਆਊਟ ਹੁੰਦੇ ਹੀ ਪੂਰਾ ਨਰਿੰਦਰ ਮੋਦੀ ਸਟੇਡੀਅਮ ਖੁਸ਼ੀ ਨਾਲ ਛਾ ਗਿਆ। ਇਕ ਲੱਖ ਦਰਸ਼ਕਾਂ ਦੀਆਂ ਤਾੜੀਆਂ ਨਾਲ ਅਸਮਾਨ ਗੂੰਜ ਉੱਠਿਆ।

‘ਪਲੇਅਰ ਆਫ਼ ਦ ਮੈਚ’ ਰਿਜ਼ਵਾਨ ਨੂੰ ਬੁਮਰਾਹ ਨੇ ਆਫ ਕਟਰ ’ਤੇ ਆਊਟ ਕੀਤਾ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ (20) ਅਤੇ ਇਮਾਮਉਲ ਹੱਕ (36) ਨੇ ਚੰਗੀ ਸ਼ੁਰੂਆਤ ਕੀਤੀ। ਸਿਰਾਜ ਨੇ ਸ਼ਫੀਕ ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਤੀਜੇ ਗੇਂਦਬਾਜ਼ ਵਜੋਂ ਆਏ ਹਾਰਦਿਕ ਪੰਡਯਾ ਨੂੰ ਕੁਝ ਚੌਕੇ ਲੱਗੇ ਪਰ ਉਸ ਨੇ ਇਮਾਮ ਨੂੰ ਪੈਵੇਲੀਅਨ ਭੇਜ ਦਿਤਾ। ਜਦੋਂ ਤਕ ਬਾਬਰ ਅਤੇ ਰਿਜ਼ਵਾਨ ਕ੍ਰੀਜ਼ ’ਤੇ ਸਨ, ਪਾਕਿਸਤਾਨ ਦੀ ਸਥਿਤੀ ਮਜ਼ਬੂਤ ​​ਜਾਪਦੀ ਸੀ ਪਰ ਇਕ ਵਿਕਟ ਨੇ ਮੂਡ ਅਤੇ ਸਥਿਤੀ ਦੋਵਾਂ ਨੂੰ ਬਦਲ ਦਿਤਾ। ਪਾਕਿਸਤਾਨ ਦੀਆਂ ਬਾਕੀ ਵਿਕਟਾਂ ਸਿਰਫ਼ 36 ਦੌੜਾਂ ’ਤੇ ਆਊਟ ਹੋ ਗਈਆਂ।