ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਨਹੀਂ ਛੱਡੇਗਾ: ਪ੍ਰਧਾਨ ਮੰਤਰੀ ਮੋਦੀ
ਕਿਹਾ, ਭਾਰਤ 2029 ’ਚ ਹੋਣ ਵਾਲੇ ਯੂਥ ਓਲੰਪਿਕ ਦੀ ਮੇਜ਼ਬਾਨੀ ਦਾ ਵੀ ਇੱਛੁਕ ਹੈ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤ ਦੇਸ਼ ਅੰਦਰ 2036 ਓਲੰਪਿਕ ਖੇਡਾਂ ਕਰਵਾਉਣ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਨਹੀਂ ਛੱਡੇਗਾ ਕਿਉਂਕਿ ਇਹ 140 ਕਰੋੜ ਭਾਰਤੀਆਂ ਦਾ ਸੁਪਨਾ ਹੈ। ਇੱਥੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਡੇ ਸਾਹਮਣੇ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਪੇਸ਼ ਕਰਨਾ ਚਾਹੁੰਦਾ ਹਾਂ। ਭਾਰਤ ਅਪਣੀ ਧਰਤੀ ’ਤੇ 2036 ਓਲੰਪਿਕ ਖੇਡਾਂ ਕਰਵਾਉਣ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।’’
ਉਨ੍ਹਾਂ ਕਿਹਾ, ‘‘ਇਹ 140 ਕਰੋੜ ਭਾਰਤੀਆਂ ਦਾ ਸੁਪਨਾ ਅਤੇ ਇੱਛਾ ਹੈ। ਅਸੀਂ ਤੁਹਾਡੇ ਸਹਿਯੋਗ ਨਾਲ ਇਸ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਭਾਰਤ 2029 ’ਚ ਹੋਣ ਵਾਲੇ ਯੂਥ ਓਲੰਪਿਕ ਦੀ ਮੇਜ਼ਬਾਨੀ ਦਾ ਵੀ ਇੱਛੁਕ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਭਾਰਤ ਨੂੰ IOC ਦਾ ਲਗਾਤਾਰ ਸਮਰਥਨ ਮਿਲਦਾ ਰਹੇਗਾ। ਭਾਰਤ ਵੱਡੇ ਪੱਧਰ ’ਤੇ ਗਲੋਬਲ ਈਵੈਂਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਦੁਨੀਆ ਨੇ ਜੀ-20 ਦੀ ਮੇਜ਼ਬਾਨੀ ਦੌਰਾਨ ਇਹ ਵੇਖਿਆ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ 141ਵਾਂ ਸੈਸ਼ਨ ਭਾਰਤ ’ਚ ਹੋਣਾ ਬਹੁਤ ਖਾਸ ਹੈ। 40 ਸਾਲਾਂ ਬਾਅਦ ਭਾਰਤ ’ਚ ਆਈ.ਓ.ਸੀ. ਸੈਸ਼ਨ ਦਾ ਆਯੋਜਨ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਪਿਛਲੇ ਸਾਲਾਂ ’ਚ ਭਾਰਤ ਨੇ ਸਾਰੇ ਪ੍ਰਕਾਰ ਦੇ ਗਲੋਬਲ ਖੇਡ ਟੂਰਨਾਮੈਂਟ ਕਰਨ ਦੀ ਅਪਣੀ ਯੋਗਤਾ ਸਾਬਤ ਕੀਤੀ ਹੈ। ਅਸੀਂ ਹਾਲ ਹੀ ’ਚ ਸ਼ਤਰੰਜ ਓਲੰਪੀਆਡ ਕਰਵਾਏ ਜਿਸ ’ਚ ਦੁਨੀਆ ਦੇ 186 ਦੇਸ਼ਾਂ ਨੇ ਹਿੱਸਾ ਲਿਆ। ਅਸੀਂ ਮਹਿਲਾ ਫੁੱਟਬਾਲ ਅੰਡਰ-17 ਵਿਸ਼ਵ ਕੱਪ, ਪੁਰਸ਼ ਹਾਕੀ ਵਿਸ਼ਵ ਕੱਪ, ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕੀਤੀ।’’
ਉਨ੍ਹਾਂ ਕਿਹਾ, ‘‘ਭਾਰਤ ਹਰ ਸਾਲ ਵਿਸ਼ਵ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ (ਆਈ.ਪੀ.ਐਲ.) ਵੀ ਕਰਵਾਉਂਦਾ ਹੈ। ਇਸ ਸਮੇਂ ਭਾਰਤ ’ਚ ਕ੍ਰਿਕਟ ਵਰਲਡ ਕੱਪ ਵੀ ਚੱਲ ਰਿਹਾ ਹੈ। ਉਤਸ਼ਾਹ ਦੇ ਇਸ ਮਾਹੌਲ ’ਚ ਇਹ ਸੁਣ ਕੇ ਹਰ ਕੋਈ ਖੁਸ਼ ਵੀ ਹੈ ਕਿ ਆਈ.ਓ.ਸੀ. ਕਾਰਜਕਾਰੀ ਬੋਰਡ ਨੇ 2028 ਓਲੰਪਿਕ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿਤਾ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਜਲਦੀ ਹੀ ਇਸ ਬਾਰੇ ਸਕਾਰਾਤਮਕ ਖ਼ਬਰਾਂ ਸੁਣਨ ਦੀ ਉਮੀਦ ਹੈ।’’ ਅਹਿਮਦਾਬਾਦ ’ਚ ਵਿਸ਼ਵ ਕੱਪ ’ਚ ਭਾਰਤ ਦੀ ਪਾਕਿਸਤਾਨ ’ਤੇ ਜਿੱਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘‘ਅਹਿਮਦਾਬਾਦ ’ਚ ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ’ਚ ਵੀ ਕੁਝ ਮਿੰਟ ਪਹਿਲਾਂ ਭਾਰਤ ਨੇ ਬਹੁਤ ਹੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਮੈਂ ਇਸ ਇਤਿਹਾਸਕ ਜਿੱਤ ’ਤੇ ਟੀਮ ਇੰਡੀਆ ਅਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੰਦਾ ਹਾਂ।’’
ਉਨ੍ਹਾਂ ਕਿਹਾ, ‘‘ਖੇਡਾਂ ਸਿਰਫ਼ ਤਮਗੇ ਜਿੱਤਣ ਦਾ ਜ਼ਰੀਆ ਹੀ ਨਹੀਂ ਸਗੋਂ ਦਿਲ ਜਿੱਤਣ ਦਾ ਜ਼ਰੀਆ ਵੀ ਹੈ। ਖੇਡਾਂ ਹਰ ਕਿਸੇ ਲਈ ਅਤੇ ਹਰ ਕਿਸੇ ਲਈ ਹਨ। ਖੇਡਾਂ ਨਾ ਸਿਰਫ਼ ਚੈਂਪੀਅਨ ਬਣਾਉਂਦੀਆਂ ਹਨ ਸਗੋਂ ਵਿਸ਼ਵ ਨੂੰ ਸ਼ਾਂਤੀ, ਤਰੱਕੀ ਅਤੇ ਤੰਦਰੁਸਤੀ ਵੱਲ ਵੀ ਲੈ ਜਾਂਦੀਆਂ ਹਨ।’’