Men's Hockey Junior World Cup: ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਭਾਰਤ ਦੀ ਕਮਾਨ ਸੰਭਾਲਣਗੇ ਉੱਤਮ ਸਿੰਘ
ਭਾਰਤ ਨੇ ਅਪਣਾ ਪਹਿਲਾ ਮੈਚ 5 ਦਸੰਬਰ ਨੂੰ ਕੋਰੀਆ ਵਿਰੁਧ ਖੇਡਣਾ ਹੈ।
Men's Hockey Junior World Cup: ਪ੍ਰਤਿਭਾਸ਼ਾਲੀ ਫਾਰਵਰਡ ਉੱਤਮ ਸਿੰਘ 5 ਤੋਂ 16 ਦਸੰਬਰ ਤਕ ਕੁਆਲਾਲੰਪੁਰ 'ਚ ਹੋਣ ਵਾਲੇ ਐੱਫ.ਆਈ.ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਮੌਜੂਦਾ ਏਸ਼ੀਆਈ ਚੈਂਪੀਅਨ ਭਾਰਤ ਨੂੰ ਕੈਨੇਡਾ, ਦੱਖਣੀ ਕੋਰੀਆ ਅਤੇ ਸਪੇਨ ਦੇ ਨਾਲ ਪੂਲ ਸੀ ਵਿਚ ਰੱਖਿਆ ਗਿਆ ਹੈ। ਭਾਰਤ ਨੇ ਅਪਣਾ ਪਹਿਲਾ ਮੈਚ 5 ਦਸੰਬਰ ਨੂੰ ਕੋਰੀਆ ਵਿਰੁਧ ਖੇਡਣਾ ਹੈ। ਭਾਰਤੀ ਟੀਮ 7 ਦਸੰਬਰ ਨੂੰ ਸਪੇਨ ਅਤੇ 9 ਦਸੰਬਰ ਨੂੰ ਕੈਨੇਡਾ ਨਾਲ ਖੇਡੇਗੀ।
ਭਾਰਤ ਪਿਛਲੀ ਵਾਰ ਟੂਰਨਾਮੈਂਟ ਵਿਚ ਚੌਥੇ ਸਥਾਨ ’ਤੇ ਰਿਹਾ ਸੀ ਅਤੇ ਕੋਚ ਸੀਆਰ ਕੁਮਾਰ ਨੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।ਉਨ੍ਹਾਂ ਕਿਹਾ, ''ਸਾਡੇ ਕੋਲ ਮਜ਼ਬੂਤ ਟੀਮ ਹੈ। ਅਸੀਂ 2016 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਤੋਂ ਪ੍ਰੇਰਨਾ ਲਵਾਂਗੇ। ਸਾਡੇ ਕੋਲ ਤਜਰਬੇਕਾਰ ਖਿਡਾਰੀ ਹਨ ਜਿਨ੍ਹਾਂ ਨੇ ਭੁਵਨੇਸ਼ਵਰ ਵਿਚ ਪਿਛਲਾ ਜੂਨੀਅਰ ਵਿਸ਼ਵ ਕੱਪ ਖੇਡਿਆ ਹੈ। ਉਹ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਸਾਡਾ ਟੀਚਾ ਜੂਨੀਅਰ ਵਿਸ਼ਵ ਕੱਪ ਜਿੱਤਣਾ ਹੈ ਅਤੇ ਅਸੀਂ ਅਜਿਹਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।''
ਪੂਲ ਏ ਵਿਚ ਮੌਜੂਦਾ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਚਿਲੀ ਅਤੇ ਮਲੇਸ਼ੀਆ ਸ਼ਾਮਲ ਹਨ ਜਦਕਿ ਪੂਲ ਬੀ ਵਿਚ ਮਿਸਰ, ਫਰਾਂਸ, ਜਰਮਨੀ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਪੂਲ ਡੀ ਵਿਚ ਬੈਲਜੀਅਮ, ਨੀਦਰਲੈਂਡ, ਨਿਊਜ਼ੀਲੈਂਡ ਅਤੇ ਪਾਕਿਸਤਾਨ ਸ਼ਾਮਲ ਹਨ।
ਭਾਰਤੀ ਟੀਮ:
ਗੋਲਕੀਪਰ: ਮੋਹਿਤ ਐਚਐਸ, ਰਣਵਿਜੇ ਸਿੰਘ ਯਾਦਵ
ਡਿਫੈਂਡਰ: ਸ਼ਾਰਦਾਨੰਦ ਤਿਵਾੜੀ, ਅਮਨਦੀਪ ਲਾਕੜਾ, ਰੋਹਿਤ, ਸੁਨੀਲ ਜੋਜੋ, ਆਮਿਰ ਅਲੀ
ਮਿਡਫੀਲਡਰ: ਵਿਸ਼ਨੂਕਾਂਤ ਸਿੰਘ, ਪੂਵੰਨਾ ਸੀਬੀ, ਰਾਜਿੰਦਰ ਸਿੰਘ, ਅਮਨਦੀਪ ਸਿੰਘ, ਆਦਿਤਿਆ ਸਿੰਘ
ਫਾਰਵਰਡ: ਉੱਤਮ ਸਿੰਘ (ਕਪਤਾਨ), ਆਦਿਤਿਆ ਲਾਲਾਗੇ, ਅਰਿਜੀਤ ਸਿੰਘ ਹੁੰਦਲ, ਸੌਰਭ ਆਨੰਦ ਕੁਸ਼ਵਾਹਾ, ਸੁਦੀਪ ਚਿਰਮਾਕੋ, ਬੌਬੀ ਸਿੰਘ ਧਾਮੀ।
ਰਿਜ਼ਵਰ: ਸੁਖਵਿੰਦਰ, ਸੁਨੀਤ ਲਾਕੜਾ।
(For more news apart from Men's Hockey Junior World Cup: India announces Team, stay tuned to Rozana Spokesman)