ਖਰਾਬ ਫਾਰਮ ਨਾਲ ਜੂਝ ਰਹੇ ਸੂਰਿਆ ਕੁਮਾਰ ਯਾਦਵ ਤੇ ਸ਼ੁਭਮਨ ਗਿੱਲ
15 ਪਾਰੀਆਂ ’ਚ ਅਰਧ ਸੈਂਕੜਾ ਨਹੀਂ ਲਗਾ ਸਕੇ ਦੋਵੇਂ ਖਿਡਾਰੀ
ਨਵੀਂ ਦਿੱਲੀ : ਭਾਰਤ ਦੇ ਟੀ-20 ਟੀਮ ਦੇ ਕਪਤਾਨ ਸੂਰੀਆ ਕੁਮਾਰ ਯਾਦਵ ਅਤੇ ਉਪ ਕਪਤਾਨ ਸ਼ੁਭਮਨ ਗਿੱਲ ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੇ ਹਨ । ਦੋਵੇਂ ਬੱਲੇਬਾਜ਼ ਪਿਛਲੀਆਂ 15 ਤੋਂ ਵੱਧ ਪਾਰੀਆਂ ਤੋਂ ਟੀ-20 ਵਿੱਚ ਅਰਧ ਸੈਂਕੜਾ ਵੀ ਨਹੀਂ ਲਗਾ ਸਕੇ । ਸੂਰਿਆ ਕੁਮਾਰ ਯਾਦਵ ਨੇ ਆਖਰੀ ਫਿਫਟੀ 2024 ਵਿੱਚ ਹੈਦਰਾਬਾਦ ਵਿੱਚ ਬੰਗਲਾਦੇਸ਼ ਖਿਲਾਫ ਲਗਾਈ ਸੀ। ਇਸ ਤੋਂ ਬਾਅਦ ਉਹ 20 ਪਾਰੀਆਂ ਵਿੱਚ 50 ਦਾ ਅੰਕੜਾ ਨਹੀਂ ਛੂਹ ਸਕੇ।
ਨਾਲ ਹੀ ਸ਼ੁਭਮਨ ਗਿੱਲ ਵੀ ਲੰਬੀ ਪਾਰੀ ਖੇਡਣ ਵਿੱਚ ਨਾਕਾਮ ਰਹੇ ਹਨ । ਗਿੱਲ ਨੇ ਪਿਛਲੀਆਂ 17 ਟੀ-20 ਪਾਰੀਆਂ ਤੋਂ ਫਿਫਟੀ ਨਹੀਂ ਲਗਾਈ । ਉਨ੍ਹਾਂ ਦੀ ਆਖਰੀ ਫਿਫਟੀ 2024 ਵਿੱਚ ਜ਼ਿੰਬਾਬਵੇ ਖਿਲਾਫ ਹਰਾਰੇ ਵਿੱਚ ਲਗਾਈ ਸੀ । ਅੱਜ ਐਤਵਾਰ ਨੂੰ ਟੀਮ ਇੰਡੀਆ 3 ਸਾਲ ਬਾਅਦ ਧਰਮਸ਼ਾਲਾ ਵਿੱਚ ਟੀ-20 ਮੈਚ ਖੇਡਣ ਵਾਲੀ ਹੈ । ਭਾਰਤ ਨੇ ਇੱਥੇ ਆਖਰੀ ਟੀ-20 ਮੈਚ 2022 ਵਿੱਚ ਸ੍ਰੀਲੰਕਾ ਖਿਲਾਫ ਖੇਡਿਆ ਸੀ, ਜਿਸ ਵਿੱਚ ਟੀਮ ਨੂੰ ਜਿੱਤ ਮਿਲੀ ਸੀ।
ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ 5 ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਫਿਲਹਾਲ 1-1 ਨਾਲ ਬਰਾਬਰੀ ’ਤੇ ਹੈ । ਪਹਿਲੇ ਮੈਚ ਵਿੱਚ ਭਾਰਤ ਨੇ 101 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਦੂਜਾ ਮੁਕਾਬਲਾ ਸਾਊਥ ਅਫਰੀਕਾ ਨੇ 51 ਦੌੜਾਂ ਨਾਲ ਜਿੱਤਿਆ ਸੀ । ਇਸ ਤਰ੍ਹਾਂ ਅੱਜ ਦੋਵੇਂ ਟੀਮਾਂ ਵਿਚਾਲੇ ਖੇਡਿਆ ਜਾਣ ਵਾਲਾ ਸੀਰੀਜ਼ ਦਾ ਤੀਜਾ ਮੈਚ ਬਹੁਤ ਅਹਿਮ ਅਤੇ ਰੋਮਾਂਚਕ ਹੋਣ ਵਾਲਾ ਹੈ।