ਮਾਨਵਜੀਤ ਸਿੰਘ ਨਾਲ ਬੇਇਨਸਾਫ਼ੀ ਹੋਈ : ਐਨ.ਆਰ.ਏ.ਆਈ., ਕਿਹਾ, ਖ਼ਰਾਬ ਬੰਦੂਕ ਰੱਖ ਕੇ ਅਣਉਚਿਤ ਫਾਇਦਾ ਨਹੀਂ ਲੈਣਾ ਚਾਹੁੰਦਾ ਸੀ

ਏਜੰਸੀ

ਖ਼ਬਰਾਂ, ਖੇਡਾਂ

ਮਾਨਵਜੀਤ ਸਿੰਘ ਨੂੰ ‘ਖਰਾਬ’ ਬੰਦੂਕ ਰੱਖਣ ਕਾਰਨ ਕੁਵੈਤ ’ਚ ਏਸ਼ੀਆ ਓਲੰਪਿਕ ਕੁਆਲੀਫਾਇਰ ਤੋਂ ਅਯੋਗ ਕਰਾਰ ਦਿਤਾ ਗਿਆ ਸੀ

Manavjit Singh

ਨਵੀਂ ਦਿੱਲੀ: ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐਨ.ਆਰ.ਏ.ਆਈ.) ਨੇ ਟਰੈਪ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਨੂੰ ‘ਖਰਾਬ’ ਬੰਦੂਕ ਰੱਖਣ ਕਾਰਨ ਕੁਵੈਤ ’ਚ ਏਸ਼ੀਆ ਓਲੰਪਿਕ ਕੁਆਲੀਫਾਇਰ ਤੋਂ ਅਯੋਗ ਕਰਾਰ ਦਿਤੇ ਜਾਣ ਨੂੰ ‘ਬੇਇਨਸਾਫੀ’ ਕਰਾਰ ਦਿਤਾ ਹੈ।

ਸ਼ਾਟਗਨ ਕੋਚ ਵਿਕਰਮ ਚੋਪੜਾ ਨੇ ਟੂਰਨਾਮੈਂਟ ਦੀ ਅਪੀਲ ਜਿਊਰੀ ਨੂੰ ਚਿੱਠੀ ਲਿਖੀ ਹੈ। ਚੋਪੜਾ ਨੇ ਲਿਖਿਆ ਕਿ ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈ.ਐਸ.ਐਸ.ਐਫ.) ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਿਵੇਂ ਕਿ ਪ੍ਰਬੰਧਕਾਂ ਨੇ ਭਾਰਤੀ ਖਿਡਾਰੀ ਨੂੰ ਅਯੋਗ ਕਰਾਰ ਦਿੰਦੇ ਹੋਏ ਕਿਹਾ ਸੀ। 

ਮਾਨਵਜੀਤ ਨੂੰ ਸਨਿਚਰਵਾਰ ਨੂੰ ਅਭਿਆਸ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਜਦਕਿ ਉਸ ਨੂੰ ਐਤਵਾਰ ਨੂੰ ਅਯੋਗ ਕਰਾਰ ਦਿਤਾ ਗਿਆ ਸੀ। ਇਹ ਫੈਸਲਾ ਉਸ ਦੀ ਬੰਦੂਕ ਨੂੰ ਖਰਾਬ ਐਲਾਨ ਕੇ ਲਿਆ ਗਿਆ ਸੀ। ਮਾਨਵਜੀਤ ਦੀ ਬੰਦੂਕ ਨੂੰ ਖਰਾਬ ਐਲਾਨੇ ਗਏ ਦੋ ਨਿਯਮ 9.4.2.11 ਅਤੇ 9.4.1 (ਏ.ਬੀ.) ਹਨ। 

ਚੋਪੜਾ ਨੇ ਮਾਨਵਜੀਤ ਦੇ ਬਚਾਅ ’ਚ ਜਿਊਰੀ ਨੂੰ ਲਿਖਿਆ, ‘‘ਨਿਯਮ 9.4.2.11 ’ਚ ‘ਬੱਟ ਰਿਕੋਇਲ ਪੈਡ’ ’ਤੇ ਉਚਾਈ ਦੀ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ। ਨਿਯਮ 9.4.1 (ਏ ਬੀ) ਅਣਉਚਿਤ ਲਾਭ ਨਾਲ ਸਬੰਧਤ ਹੈ। ਇਸ ਬਾਰੇ ਚੋਪੜਾ ਨੇ ਲਿਖਿਆ ਹੈ, ‘‘ਇਹ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਮਾਮਲੇ ਵਿਚ ਕੋਈ ਅਣਉਚਿਤ ਫਾਇਦਾ ਨਹੀਂ ਲਿਆ ਗਿਆ ਹੈ ਕਿਉਂਕਿ ਨਿਸ਼ਾਨੇਬਾਜ਼ ਨੂੰ ਇਲੈਕਟ੍ਰਾਨਿਕ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ ਹੈ।’’