Punjab News: ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੰਜਾਬ ਸਰਕਾਰ ਨੇ ਖੇਡ ਐਸੋਸੀਏਸ਼ਨਾਂ ਲਈ ਬਣਾਇਆ ਸਪੋਰਟਸ ਕੋਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਪੋਰਟਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਖੇਡਾਂ ਨਾਲ ਸਬੰਧਤ ਅਤੇ ਆਮ ਲੋਕਾਂ ਤੋਂ 10 ਮਾਰਚ ਤੱਕ ਸੁਝਾਅ ਮੰਗੇ: ਮੀਤ ਹੇਅਰ

Cabinet Minister Meet Hayer

Punjab News: ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖੇਡ ਐਸੋਸੀਏਸ਼ਨਾਂ ਲਈ ਸਪੋਰਟਸ ਕੋਡ ਬਣਾਇਆ ਗਿਆ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਖੇਡਾਂ ਦੀ ਬਿਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਸੂਬੇ ਅੰਦਰ ਚੱਲ ਰਹੀਆਂ ਖੇਡਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਖੇਡ ਵਿਭਾਗ ਵਲੋਂ ਮਾਹਿਰਾਂ ਦੀ ਰਾਏ ਨਾਲ ਸਪੋਰਟਸ ਕੋਡ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ। ਇਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਵੀ ਮੰਗੀ ਗਈ ਹੈ ਤਾਂ ਜੋ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ।

ਮੀਤ ਹੇਅਰ ਨੇ ਅੱਗੇ ਦਸਿਆ ਕਿ ਸਪੋਰਟਸ ਕੋਡ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ, ਐਸੋਸੀਏਸ਼ਨਾਂ ਅਤੇ ਆਮ ਲੋਕਾਂ ਤੋਂ ਸੁਝਾਅ ਲੈਣ ਲਈ ਇਸ ਕੋਡ ਦੇ ਖਰੜੇ ਦੀ ਕਾਪੀ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਅਪਲੋਡ ਕੀਤੀ ਗਈ ਹੈ। ਕੋਈ ਵੀ ਚਾਹਵਾਨ ਵਿਅਕਤੀ 10 ਮਾਰਚ 2024 ਤਕ ਕੋਡ ਸਬੰਧੀ ਵਿਭਾਗ ਦੀ ਈਮੇਲ dir.sportspb@punjab.gov.in ਉਪਰ ਸੁਝਾਅ ਦੇ ਸਕਦਾ ਹੈ ਤਾਂ ਜੋ ਸਪੋਰਟਸ ਕੋਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੋਕ ਰਾਏ ਅਤੇ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਸਕੇ।

ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਖੇਡ ਨੀਤੀ ਵੀ ਖੇਡ ਮਾਹਿਰਾਂ ਦੀ ਰਾਏ ਨਾਲ ਆਮ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਲਾਗੂ ਕੀਤੇ ਹੈ ਜਿਸ ਦੇ ਏਸ਼ਿਆਈ ਖੇਡਾਂ ਵਿਚ ਹੀ ਚੰਗੇ ਨਤੀਜੇ ਸਾਹਮਣੇ ਆਏ ਜਦੋਂ ਪੰਜਾਬ ਦੇ ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ ਪਹਿਲੀ ਵਾਰ 20 ਤਮਗ਼ੇ ਜਿੱਤੇ। ਹੁਣ ਖੇਡ ਵਿਭਾਗ ਵਲੋਂ ਸਪੋਰਟਸ ਕੋਡ ਲਾਗੂ ਕਰਨ ਲਈ ਵੀ ਤਿਆਰੀ ਕਰ ਦਿਤੀ ਗਈ ਹੈ ਜਿਸ ਦੇ ਲਾਗੂ ਹੋਣ ਨਾਲ ਸੂਬੇ ਵਿਚ ਖੇਡਾਂ ਦੇ ਪ੍ਰਬੰਧਨ ਵਿਚ ਵੱਡਾ ਸੁਧਾਰ ਹੋਵੇਗਾ।

(For more Punjabi news apart from Punjab Government drafts a Sports Code for sports associations for smooth conducting of Sports Events, stay tuned to Rozana Spokesman)