ਸਕੂਲ ਸਿੱਖਿਆ ਵਿਭਾਗ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ 2.60 ਕਰੋੜ ਦੇ ਫੰਡ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖੇਡਾਂ ਦਾ ਵਧੀਆ ਕੁਆਲਟੀ ਦਾ ਸਮਾਨ ਖਰੀਦ ਲਈ ਵੀ ਦਿੱਤੇ ਗਏ ਨਿਰਦੇਸ਼

standard of sports

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਸੂਬੇ ਦੇ 14 ਜ਼ਿਲ੍ਹਿਆਂ ਵਾਸਤੇ 2.60 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਖਾਤੇ ਵਿੱਚ ਪਾ ਦਿੱਤੀ ਹੈ। ਇਹ ਰਾਸ਼ੀ ਹੁਸ਼ਿਆਰਪੁਰ, ਜਲੰਧਰ, ਕਪੁਰਥਲਾ, ਲੁਧਿਆਣਾ, ਮਾਨਸਾ ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਪਠਾਨਕੋਟ, ਰੂਪ ਨਗਰ, ਸੰਗਰੂਰ, ਐਸ.ਏ.ਐਸ. ਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਹੈ।

 ਬੁਲਾਰੇ ਅਨੁਸਾਰ ਇਹ ਫੰਡ ਖੇਡਾਂ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਵਰਤੋਂ ਵਿੱਚ ਲਿਆਂਦੇ ਜਾਣੇ ਹਨ। ਬੁਲਾਰੇ ਦੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਵਾਸਤੇ ਸਕੂਲਾਂ ਨੂੰ ਪੰਜ ਮੈਂਬਰੀ ਕਮੇਟੀ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਇੱਕ ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ (ਐਸ.ਐਮ.ਸੀ.) ਦੇ ਦੋ ਮੈਂਬਰ ਅਤੇ ਸਕੂਲ ਅਧਿਆਪਕਾਂ ਵਿੱਚੋਂ ਦੋ ਮੈਂਬਰ ਲੈਣ ਲਈ ਵਿਵਸਥਾ ਕੀਤੀ ਗਈ ਹੈ। ਜਿਸ ਸਕੂਲ ਵਿੱਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦਾ ਹੈ, ਉਸ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਕਿਹਾ ਗਿਆ ਹੈ।

ਬੁਲਾਰੇ ਅਨੁਸਾਰ ਖੇਡ ਮੈਦਾਨ ਦੀ ਤਿਆਰੀ ਕਰਨ ਤੋਂ ਪਹਿਲਾਂ ਤੋਂ ਲੈ ਕੇ ਕੰਮ ਦੇ ਮੁਕੰਮਲ ਹੋਣ ਤੱਕ ਦੀਆਂ ਸਾਰੀਆਂ ਫੋਟੋ ਲੈ ਕੇ ਇਨ੍ਹਾਂ ਨੂੰ ਸਕੂਲ ਦੇ ਰਿਕਾਰਡ ਵਿੱਚ ਰੱਖਣ ਲਈ ਵੀ ਆਖਿਆ ਗਿਆ ਹੈ। ਖੇਡਾਂ ਦਾ ਸਮਾਨ ਖਰੀਦਣ ਲਈ ਖਿਡਾਰੀਆਂ ਦੀ ਉਮਰ ਅਤੇ ਿਗ ਦਾ ਖਿਆਲ ਰੱਖਣ ਅਤੇ ਖੇਡਾਂ ਦਾ ਵਧੀਆ ਕੁਆਲਟੀ ਦਾ ਸਮਾਨ ਖਰੀਦ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।

ਬੁਲਾਰੇ ਅਨੁਸਾਰ ਇਨ੍ਹਾਂ ਸਾਰੀਆਂ ਗਤੀਵਿਧੀਆਂ ’ਤੇ ਨਿਗਰਾਣੀ ਰੱਖਣ ਵਾਸਤੇ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਸਮੇਂ ਸਮੇਂ ਸਕੂਲਾਂ ਦਾ ਦੌਰਾ ਕਰਨਗੀਆਂ। ਖੇਡ ਮੈਦਾਨਾਂ ਦੀ ਤਿਆਰੀ ਦੇ ਕੰਮ ’ਤੇ ਨਜ਼ਰ ਰੱਖਣ ਅਤੇ ਖੇਡ ਦੇ ਸਮਾਨ ਦੀ ਖਰੀਦ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ/ਡੀ.ਐਮ.ਸਪੋਰਟਸ/ਬੀ.ਐਮ. ਸਪੋਰਟਸ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਨਿਯਮਾਂ ਦੇ ਅਨੁਸਾਰ ਕੰਮ ਨਾ ਕਰਨ ਵਾਲਿਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।