Cricket Asia Cup ’ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
ਸੂਰਿਆ ਕੁਮਾਰ ਯਾਦਵ ਨੇ 15ਵੇਂ ਓਵਰ ਦੀ 5ਵੀਂ ਗੇਂਦ ’ਤੇ ਛੱਕਾ ਮਾਰ ਕੇ ਭਾਰਤ ਨੂੰ ਬਣਾਇਆ ਜੇਤੂ
ਦੁਬਈ : ਕ੍ਰਿਕਟ ਏਸ਼ੀਆ ਕੱਪ ਦੇ ਅਪਣੇ ਦੂਜੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਭਾਰਤ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਟੀਮ ਨੇ 15.5 ਉਵਰਾਂ ’ਚ ਆਸਾਨੀ ਨਾਲ ਪ੍ਰਾਪਤ ਕਰ ਲਿਆ। ਭਾਰਤ 2 ਮੈਚ ਜਿੱਤ ਕੇ ਗਰੁਪ ਏ ਵਿਚ ਸਿਖਰ ਉਤੇ ਹੈ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਆਈ ਖਟਾਸ ਮੈਚ ਦੌਰਾਨ ਸਾਫ਼ ਝਲਕ ਰਹੀ ਸੀ ਜਦੋਂ ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਲਮਾਨ ਆਗਾ ਨੇ ਟਾਸ ਦੌਰਾਨ ਰਵਾਇਤੀ ਤੌਰ ਉਤੇ ਹੱਥ ਨਾ ਮਿਲਾਏ ਅਤੇ ਅੱਖ ਮਿਲਾਉਣ ਤੋਂ ਵੀ ਪਰਹੇਜ਼ ਕੀਤਾ।
ਕਪਤਾਨ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਜ਼ਿਆਦਾ 47 ਦੌੜਾਂ ਬਣਾਈਆਂ। ਤਿਲਕ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੇ 31-31 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਦੀ ਕਲਾਤਮਕਤਾ, ਅਕਸ਼ਰ ਪਟੇਲ ਦੇ ਅਨੁਸ਼ਾਸਨ ਅਤੇ ਵਰੁਣ ਚੱਕਰਵਰਤੀ ਦੀ ਚਲਾਕੀ ਨੇ ਪਾਕਿਸਤਾਨ ਨੂੰ ਨੌਂ ਵਿਕਟਾਂ ਉਤੇ 127 ਦੌੜਾਂ ਤੋਂ ਅੱਗੇ ਨਾ ਵਧਣ ਦਿਤਾ।
ਸਪਿਨਰ ਅਕਸ਼ਰ (4 ਓਵਰਾਂ ਵਿਚ 2/18), ਕੁਲਦੀਪ (4 ਓਵਰਾਂ ਵਿਚ 3/18) ਅਤੇ ਵਰੁਣ (4 ਓਵਰਾਂ ਵਿਚ 1/24) ਲਾਈਨ ਅਤੇ ਲੰਬਾਈ ਦੇ ਮਾਮਲੇ ਵਿਚ ਸਟੀਕ ਸਨ ਅਤੇ ਕਿਸੇ ਵੀ ਪਾਕਿਸਤਾਨੀ ਬੱਲੇਬਾਜ਼ ਨੂੰ ਜ਼ਿਆਦਾ ਦੇਰ ਟਿਕਣ ਨਾ ਦਿਤਾ। ਜਸਪ੍ਰੀਤ ਬੁਮਰਾਹ (4 ਓਵਰਾਂ ਵਿਚ 2/28) ਨੇ ਵੀ ਬਿਹਤਰੀਨ ਸਵਿੰਗ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ 15ਵੇਂ ਓਵਰ ਦੀ 5ਵੀਂ ਗੇਂਦ ’ਤੇ ਛੱਕਾ ਮਾਰ ਕੇ ਭਾਰਤ ਨੂੰ ਜੇਤੂ ਬਣਾ ਦਿੱਤਾ।