ਕ੍ਰਿਕੇਟ ਵਿਸ਼ਵ ਕੱਪ ’ਚ ਵੱਡਾ ਉਲਟਫ਼ੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਦਰੜਿਆ

ਏਜੰਸੀ

ਖ਼ਬਰਾਂ, ਖੇਡਾਂ

ਮੁਜੀਬੁਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੇ 3-3, ਮੁਹੰਮਦ ਨਬੀ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜੀ

Afghan Team Celebrates.

ਨਵੀਂ ਦਿੱਲੀ: ਅਫਗਾਨਿਸਤਾਨ ਨੇ ਐਤਵਾਰ ਨੂੰ ਇੱਥੇ ਆਈ.ਸੀ.ਸੀ. ਵਿਸ਼ਵ ਕੱਪ ਦੇ ਮੈਚ ਵਿਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਅਫਗਾਨਿਸਤਾਨ ਨੇ 284 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਪਾਰੀ ਨੂੰ 40.3 ਓਵਰਾਂ ’ਚ 215 ਦੌੜਾਂ ’ਤੇ ਸਮੇਟ ਦਿਤਾ। ਅਫਗਾਨਿਸਤਾਨ ਲਈ ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇੰਗਲੈਂਡ ਲਈ ਹੈਰੀ ਬਰੂਕਸ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਮੁਜੀਬ ਉਰ ਰਹਿਮਾਨ ‘ਪਲੇਅਰ ਆਫ਼ ਦ ਮੈਚ’ ਰਹੇ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀਆਂ 57 ਗੇਂਦਾਂ ’ਚ 80 ਦੌੜਾਂ ਦੀ ਮਦਦ ਨਾਲ ਅਫਗਾਨਿਸਤਾਨ ਨੇ ਐਤਵਾਰ ਨੂੰ ਇੰਗਲੈਂਡ ਵਿਰੁਧ ਵਿਸ਼ਵ ਕੱਪ ਦੇ ਮੈਚ ’ਚ 284 ਦੌੜਾਂ ਬਣਾਈਆਂ। ਹਾਲਾਂਕਿ ਅਫਗਾਨਿਸਤਾਨ ਦੀ ਪੂਰੀ ਟੀਮ ਇਕ ਗੇਂਦ ਬਾਕੀ ਰਹਿੰਦੇ ਆਊਟ ਹੋ ਗਈ। ਉਸ ਲਈ ਗੁਰਬਾਜ਼ ਨੇ 57 ਗੇਂਦਾਂ ’ਚ 80 ਦੌੜਾਂ ਬਣਾਈਆਂ ਜਿਸ ’ਚ ਅੱਠ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਭਾਰਤੀ ਟੀਮ ਦਾ ਕੋਈ ਮੈਚ ਨਾ ਹੋਣ ਦੇ ਬਾਵਜੂਦ ਅਰੁਣ ਜੇਤਲੀ ਸਟੇਡੀਅਮ ’ਚ ਵੱਡੀ ਗਿਣਤੀ ’ਚ ਦਰਸ਼ਕ ਮੌਜੂਦ ਸਨ ਜੋ ਅਫਗਾਨਿਸਤਾਨ ਦਾ ਸਮਰਥਨ ਕਰ ਰਹੇ ਸਨ।

ਗੁਰਬਾਜ਼ ਤੋਂ ਇਲਾਵਾ ਇਕਰਾਮ ਅਲੀਖਿਲ ਨੇ 66 ਗੇਂਦਾਂ ’ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ, ਜਦਕਿ ਹੇਠਲੇ ਕ੍ਰਮ ’ਤੇ ਤਜਰਬੇਕਾਰ ਮੁਜੀਬੁਰ ਰਹਿਮਾਨ ਨੇ 16 ਗੇਂਦਾਂ ’ਤੇ 28 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਪਹਿਲੇ ਦੋ ਮੈਚ ਹਾਰ ਚੁੱਕੀ ਅਫਗਾਨਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ ’ਤੇ ਮਜ਼ਬੂਤ ​​ਸ਼ੁਰੂਆਤ ਕੀਤੀ। ਪਹਿਲੇ ਦੋ ਮੈਚਾਂ ’ਚ ਨਾਕਾਮ ਰਹੇ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ’ਚ 114 ਦੌੜਾਂ ਜੋੜੀਆਂ। ਗੁਰਬਾਜ਼ ਖਾਸ ਤੌਰ ’ਤੇ ਸ਼ਾਨਦਾਰ ਫਾਰਮ ’ਚ ਸੀ, ਜਿਸ ਨੇ ਤੀਜੇ ਓਵਰ ’ਚ ਕ੍ਰਿਸ ਵੋਕਸ ਦੀ ਗੇਂਦ ’ਤੇ ਛੱਕਾ ਜੜ ਕੇ ਅਪਣਾ ਜਲਵਾ ਦਿਖਾਇਆ।

ਅਫਗਾਨਿਸਤਾਨ ਦੀਆਂ 50 ਦੌੜਾਂ 39 ਗੇਂਦਾਂ ’ਚ ਬਣੀਆਂ। ਗੁਰਬਾਜ਼ ਨੇ ਨੌਵੇਂ ਓਵਰ ’ਚ ਸੈਮ ਕੁਰਾਨ ਨੂੰ ਕਵਰ ਅਤੇ ਸਕਵੇਅਰ ਲੈੱਗ ਰਾਹੀਂ ਚੌਕਾ ਮਾਰਨ ਤੋਂ ਬਾਅਦ ਮਿਡਵਿਕਟ ਉੱਤੇ ਛੱਕਾ ਜੜ ਕੇ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਕੁਰਾਨ ਦੀ ਜਗ੍ਹਾ ਆਦਿਲ ਰਾਸ਼ਿਦ ਨੂੰ ਗੇਂਦ ਸੌਂਪੀ। ਗੁਰਬਾਜ਼ ਨੇ 11ਵੇਂ ਓਵਰ ਦੀ ਦੂਜੀ ਗੇਂਦ ’ਤੇ ਰਾਸ਼ਿਦ ਨੂੰ ਚੌਕਾ ਜੜ ਕੇ 33 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਅਫਗਾਨਿਸਤਾਨ ਦੀਆਂ ਸੌ ਦੌੜਾਂ 77 ਗੇਂਦਾਂ ’ਚ ਬਣ ਗਈਆਂ। ਇਸ ਖ਼ਤਰਨਾਕ ਸਾਂਝੇਦਾਰੀ ਨੂੰ ਰਾਸ਼ਿਦ ਨੇ 17ਵੇਂ ਓਵਰ ’ਚ ਤੋੜਿਆ ਜਦੋਂ ਜ਼ਦਰਾਨ (28) ਜੋਅ ਰੂਟ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਫਗਾਨਿਸਤਾਨ ਦੀਆਂ ਵਿਕਟਾਂ ਲਗਾਤਾਰ ਸਮੇਂ ’ਤੇ ਡਿੱਗਦੀਆਂ ਰਹੀਆਂ ਅਤੇ ਕੋਈ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ।

ਇੰਗਲੈਂਡ ਲਈ ਰਾਸ਼ਿਦ ਨੇ ਦਸ ਓਵਰਾਂ ’ਚ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਮਾਰਕ ਵੁੱਡ ਨੇ ਦੋ ਵਿਕਟਾਂ ਹਾਸਲ ਕੀਤੀਆਂ। ਕੁਰੇਨ ਨੇ ਚਾਰ ਓਵਰਾਂ ’ਚ 46 ਦੌੜਾਂ ਅਤੇ ਕ੍ਰਿਸ ਵੋਕਸ ਨੇ ਚਾਰ ਓਵਰਾਂ ’ਚ 41 ਦੌੜਾਂ ਦਿਤੀਆਂ ਅਤੇ ਦੋਵਾਂ ਨੂੰ ਵਿਕਟਾਂ ਨਹੀਂ ਮਿਲੀਆਂ।