ਮਹਿਲਾ ਕ੍ਰਿਕਟ ਟੀਮ ਨੂੰ ਮਹਿਸੂਸ ਹੋ ਰਹੀ ਗੇਂਦਬਾਜ਼ੀ ਕੋਚ ਦੀ ਕਮੀ: ਹਰਮਨਪ੍ਰੀਤ ਕੌਰ

ਏਜੰਸੀ

ਖ਼ਬਰਾਂ, ਖੇਡਾਂ

ਹਰਮਨਪ੍ਰੀਤ ਕੌਰ ਨੇ ਆਸਟਰੇਲੀਆ ਖਿਲਾਫ਼ ਤੀਜੇ ਟੀ-20 ਮੈਚ ਵਿਚ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਟੀਮ ਨੂੰ ਗੇਂਦਬਾਜ਼ੀ ਕੋਚ ਦੀ ਕਮੀ ਮਹਿਸੂਸ ਹੋ ਰਹੀ ਹੈ।

We are missing a bowling coach: Harmanpreet Kaur

 

ਮੁੰਬਈ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟਰੇਲੀਆ ਖਿਲਾਫ਼ ਤੀਜੇ ਟੀ-20 ਮੈਚ ਵਿਚ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਟੀਮ ਨੂੰ ਗੇਂਦਬਾਜ਼ੀ ਕੋਚ ਦੀ ਕਮੀ ਮਹਿਸੂਸ ਹੋ ਰਹੀ ਹੈ। ਕਪਤਾਨ ਨੇ ਹਾਲਾਂਕਿ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਤੇ ਖੁਸ਼ੀ ਜਤਾਈ। ਭਾਰਤ ਕੋਲ ਪੂਰੇ ਸਮੇਂ ਲਈ ਗੇਂਦਬਾਜ਼ੀ ਕੋਚ ਨਹੀਂ ਹੈ ਕਿਉਂਕਿ ਰਮੇਸ਼ ਪਵਾਰ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਚਲੇ ਗਏ ਹਨ ਅਤੇ ਰਿਸ਼ੀਕੇਸ਼ ਕਾਨਿਤਕਰ ਨੂੰ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ।

ਦੋ ਮਹੀਨਿਆਂ ਬਾਅਦ ਦੱਖਣੀ ਅਫ਼ਰੀਕਾ ਵਿਚ ਟੀ-20 ਵਿਸ਼ਵ ਕੱਪ ਹੋਣ ਵਾਲਾ ਹੈ। ਹਰਮਨਪ੍ਰੀਤ ਨੇ ਕਿਹਾ, ''ਸਾਨੂੰ ਗੇਂਦਬਾਜ਼ੀ ਕੋਚ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਸਾਡੇ ਗੇਂਦਬਾਜ਼ ਵਧੀਆ ਖੇਡ ਰਹੇ ਹਨ। ਉਹ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ। ਇਸ ਮੈਚ 'ਚ ਉਹਨਾਂ ਨੇ ਖੁਦ ਰਣਨੀਤੀ ਬਣਾਈ। ਮੈਂ ਮੈਦਾਨ 'ਤੇ ਉਹਨਾਂ ਦਾ ਸਮਰਥਨ ਕਰ ਰਹੀ ਸੀ।

ਪੂਜਾ ਵਸਤਰਕਾਰ ਦੀ ਸੱਟ ਨੇ ਵੀ ਭਾਰਤ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ ਹੈ। ਹਰਮਨਪ੍ਰੀਤ ਨੇ ਕਿਹਾ, “ਅਸੀਂ ਪੂਜਾ ਦੀ ਕਮੀ ਮਹਿਸੂਸ ਕਰ ਰਹੇ ਹਾਂ। ਇਸ ਟ੍ਰੈਕ 'ਤੇ ਮੱਧਮ ਤੇਜ਼ ਗੇਂਦਬਾਜ਼ ਦੀ ਜ਼ਰੂਰਤ ਸੀ ਅਤੇ ਉਸ ਕੋਲ ਡੈਥ ਓਵਰਾਂ 'ਚ ਗੇਂਦਬਾਜ਼ੀ ਦਾ ਤਜਰਬਾ ਹੈ। ਅਸੀਂ ਪਹਿਲੇ ਦੋ ਮੈਚਾਂ ਵਿਚ ਮੇਘਨਾ ਨੂੰ ਅਜ਼ਮਾਇਆ ਪਰ ਪ੍ਰਯੋਗ ਅਸਫਲ ਰਿਹਾ।