Australian Open : ਸੁਮਿਤ ਨਾਗਲ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ, 27ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ 

ਏਜੰਸੀ

ਖ਼ਬਰਾਂ, ਖੇਡਾਂ

35 ਸਾਲਾਂ ’ਚ ਪਹਿਲੀ ਵਾਰ ਕਿਸੇ ਭਾਰਤੀ ਨੇ ਗ੍ਰੈਂਡ ਸਲੈਮ ਸਿੰਗਲਜ਼ ’ਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ

Sumit Nagal

Australian Open : ਭਾਰਤ ਦੇ ਸੁਮਿਤ ਨਾਗਲ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਖਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਅਪਣੇ ਕਰੀਅਰ ’ਚ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ ਦਾਖ਼ਲ ਹੋ ਗਏ। ਦੂਜੇ ਗੇੜ ’ਚ ਉਨ੍ਹਾਂ ਦਾ ਮੁਕਾਬਲਾ ਚੀਨ ਦੇ ਜੇ. ਸ਼ੈਂਗ ਨਾਲ ਹੋਵੇਗਾ।

26 ਸਾਲ ਦੇ ਨਾਗਲ ਕੁਆਲੀਫਾਇਰ ਜ਼ਰੀਏ ਮੁੱਖ ਡਰਾਅ ’ਚ ਪਹੁੰਚੇ ਹਨ। ਉਨ੍ਹਾਂ ਨੇ 31ਵਾਂ ਦਰਜਾ ਪ੍ਰਾਪਤ ਬੁਬਲਿਕ ਨੂੰ ਦੋ ਘੰਟੇ 38 ਮਿੰਟ ਤਕ ਚੱਲੇ ਮੈਚ ’ਚ 6-4, 6-2, 7-6 ਨਾਲ 6 ਨਾਲ ਹਰਾਇਆ। ਨਾਗਲ ਆਸਟਰੇਲੀਆਈ ਓਪਨ ’ਚ ਪਹਿਲੀ ਵਾਰ ਦੂਜੇ ਗੇੜ ’ਚ ਪਹੁੰਚੇ ਹਨ। 2021 ਵਿਚ ਉਹ ਪਹਿਲੇ ਗੇੜ ਵਿਚ ਲਿਥੁਆਨੀਆ ਦੇ ਰੀਕਾਰਡਾਸ ਬੇਰਾਂਕਿਸ ਤੋਂ 2-6, 5-7, 3-6 ਨਾਲ ਹਾਰ ਗਏ ਸਨ। 

ਵਿਸ਼ਵ ਰੈਂਕਿੰਗ ’ਚ 139ਵੇਂ ਸਥਾਨ ’ਤੇ ਕਾਬਜ਼ ਨਾਗਲ ਅਪਣੇ ਕਰੀਅਰ ’ਚ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਦੂਜੇ ਗੇੜ ’ਚ ਖੇਡਣਗੇ। ਉਹ 2020 ’ਚ ਯੂ.ਐਸ. ਓਪਨ ਦੇ ਦੂਜੇ ਗੇੜ ’ਚ ਡੋਮਿਨਿਕ ਥਿਏਮ ਤੋਂ ਹਾਰ ਗਏ ਸਨ, ਜੋ ਬਾਅਦ ’ਚ ਚੈਂਪੀਅਨ ਬਣੇ।

ਨਾਗਲ ਦੀ ਜਿੱਤ ਨਾਲ 35 ਸਾਲਾਂ ’ਚ ਪਹਿਲੀ ਵਾਰ ਕਿਸੇ ਭਾਰਤੀ ਨੇ ਗ੍ਰੈਂਡ ਸਲੈਮ ਸਿੰਗਲਜ਼ ’ਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਹੈ। ਰਮੇਸ਼ ਕ੍ਰਿਸ਼ਣਨ ਨੇ ਆਖਰੀ ਵਾਰ 1989 ’ਚ ਮੈਟ ਵਿਲੈਂਡਰ ਨੂੰ ਹਰਾਇਆ ਸੀ, ਜੋ ਉਸ ਸਮੇਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਆਸਟਰੇਲੀਆਈ ਓਪਨ ਦੇ ਮੌਜੂਦਾ ਚੈਂਪੀਅਨ ਸਨ। 

ਨਾਗਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਗੇਮ ਵਿਚ ਬੁਬਲਿਕ ਦੀ ਸਰਵਿਸ ਤੋੜ ਦਿਤੀ ਪਰ ਉਹ ਅਪਣੀ ਸਰਵਿਸ ਨੂੰ ਵੀ ਬਰਕਰਾਰ ਨਹੀਂ ਰੱਖ ਸਕੇ। ਉਨ੍ਹਾਂ ਫਿਰ ਬੁਬਲਿਕ ਦੀ ਸਰਵਿਸ ਤੋੜ ਦਿਤੀ ਅਤੇ 42 ਮਿੰਟਾਂ ’ਚ ਪਹਿਲਾ ਸੈਟ ਜਿੱਤ ਲਿਆ। ਦੂਜੇ ਸੈੱਟ ’ਚ ਉਨ੍ਹਾਂ ਨੇ ਦੋ ਵਾਰ ਬੁਬਲਿਕ ਦਾ ਰੀਕਾਰਡ ਤੋੜਿਆ ਅਤੇ 43 ਮਿੰਟ ’ਚ ਅਪਣੀ ਜਿੱਤ ਬਰਕਰਾਰ ਰੱਖੀ। ਤੀਜੇ ਸੈੱਟ ’ਚ ਦੋਹਾਂ ਖਿਡਾਰੀਆਂ ਨੇ ਸੱਤਵੇਂ ਗੇਮ ਤਕ ਅਪਣੀ ਸਰਵਿਸ ਨੂੰ ਟੁੱਟਣ ਨਹੀਂ ਦਿਤਾ। ਇਸ ਤੋਂ ਬਾਅਦ ਨਾਗਲ ਸਰਵਿਸ ਤੋੜ ਕੇ 4-3 ਨਾਲ ਅੱਗੇ ਹੋ ਗਏ ਅਤੇ ਇਸ ਨੂੰ 5-3 ਕਰ ਦਿਤਾ। ਇਹ ਸੈੱਟ ਟਾਈਬ੍ਰੇਕਰ ਤਕ ਖਿੱਚਿਆ ਜਿਸ ’ਚ ਨਾਗਲ 7-5 ਨਾਲ ਜਿੱਤੇ। 

ਨਾਗਲ ਨੇ ਟੂਰਨਾਮੈਂਟ ਦੇ ਕੁਆਲੀਫਾਇੰਗ ਫਾਈਨਲ ’ਚ ਸਲੋਵਾਕੀਆ ਦੇ ਐਲੇਕਸ ਮੋਲਕਾਨ ਨੂੰ 6-4, 6-4 ਨਾਲ ਹਰਾ ਕੇ ਮੁੱਖ ਡਰਾਅ ’ਚ ਪਹੁੰਚੇ ਸਨ। ਉਨ੍ਹਾਂ ਨੇ 2019 ’ਚ ਯੂ.ਐੱਸ. ਓਪਨ ’ਚ ਰੋਜਰ ਫੈਡਰਰ ਵਿਰੁਧ ਗਰੈਂਡ ਸਲੈਮ ਦੀ ਸ਼ੁਰੂਆਤ ਕੀਤੀ ਸੀ। 

ਉਨ੍ਹਾਂ ਨੇ ਫੈਡਰਰ ਨੂੰ ਇਕ ਸੈੱਟ ’ਚ ਵੀ ਹਰਾਇਆ ਪਰ ਮੈਚ 6-4, 1-6, 2-6, 4-6 ਨਾਲ ਹਾਰ ਗਏ। ਯੂ.ਐੱਸ. ਓਪਨ 2020 ਦੇ ਪਹਿਲੇ ਗੇੜ ’ਚ ਉਨ੍ਹਾਂ ਨੇ ਅਮਰੀਕਾ ਦੇ ਬ੍ਰੈਡਲੀ ਕਲਾਨ ਨੂੰ 6-1, 6-3, 6-1 ਨਾਲ ਹਰਾਇਆ ਸੀ।