IPL 2023: ਦਿੱਲੀ ਕੈਪੀਟਲਸ ਨੇ ਡੇਵਿਡ ਵਾਰਨਰ ਨੂੰ ਬਣਾਇਆ ਆਪਣਾ ਕਪਤਾਨ, ਰਿਸ਼ਭ ਪੰਤ ਦੇ ਜਖ਼ਮੀ ਹੋਣ ਕਰ ਕੇ ਚੁਣਿਆ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੇ ਸਟਾਰ ਆਲਰਾਊਂਡਰ ਹੋਣਗੇ ਉਪ ਕਪਤਾਨ

David Warner

ਨਵੀਂ ਦਿੱਲੀ - ਆਸਟ੍ਰੇਲੀਆ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ IPL 2023 ਲਈ ਦਿੱਲੀ ਕੈਪੀਟਲਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਆਈਪੀਐਲ ਦੇ ਸਭ ਤੋਂ ਧਾਕੜ ਖਿਡਾਰੀਆਂ ਵਿੱਚੋਂ ਇੱਕ ਵਾਰਨਰ ਆਉਣ ਵਾਲੇ ਸੀਜ਼ਨ ਵਿਚ ਰਿਸ਼ਭ ਪੰਤ ਦੀ ਥਾਂ ਲੈਣਗੇ। ਪੰਤ ਦਸੰਬਰ 'ਚ ਹੋਏ ਗੰਭੀਰ ਕਾਰ ਹਾਦਸੇ ਤੋਂ ਬਾਅਦ ਕ੍ਰਿਕਟ ਐਕਸ਼ਨ ਤੋਂ ਦੂਰ ਹਨ।

ਦਿੱਲੀ ਕੈਪੀਟਲਸ ਨੇ ਵੀਰਵਾਰ (16 ਮਾਰਚ) ਨੂੰ ਵਾਰਨਰ ਨੂੰ ਕਪਤਾਨ ਬਣਾਉਣ ਦੀ ਜਾਣਕਾਰੀ ਦਿੱਤੀ। ਵਾਰਨਰ, ਆਈਪੀਐਲ ਵਿਚ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਇਸ ਤੋਂ ਪਹਿਲਾਂ 2016 ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਕੀਤੀ ਸੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਈਪੀਐਲ ਵਿਚ ਹੁਣ ਤੱਕ 155 ਮੈਚਾਂ ਵਿਚ 140.58 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 5668 ਦੌੜਾਂ ਬਣਾਈਆਂ ਹਨ।

ਦਿੱਲੀ ਕੈਪੀਟਲਸ ਨੇ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੂੰ ਆਉਣ ਵਾਲੇ ਸੀਜ਼ਨ ਲਈ ਉਪ-ਕਪਤਾਨ ਨਿਯੁਕਤ ਕੀਤਾ ਹੈ। ਅਕਸ਼ਰ ਪਟੇਲ ਆਈਪੀਐਲ ਵਿਚ ਪਹਿਲੀ ਵਾਰ ਲੀਡਰਸ਼ਿਪ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਅਕਸ਼ਰ ਪਟੇਲ ਨੇ ਪਿਛਲੇ ਸਾਲਾਂ ਵਿਚ ਆਈਪੀਐਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਦਿੱਲੀ ਲਈ ਪ੍ਰਮੁੱਖ ਖਿਡਾਰੀਆਂ ਵਿੱਚੋਂ ਇੱਕ ਹੈ।

ਆਪਣੀ ਅਧਿਕਾਰਤ ਪ੍ਰੈਸ ਰਿਲੀਜ਼ ਵਿਚ, ਦਿੱਲੀ ਕੈਪੀਟਲਜ਼ ਨੇ ਕਿਹਾ, 'ਜੇਐਸਡਬਲਯੂ-ਜੀਐਮਆਰ ਦੀ ਸਹਿ-ਮਾਲਕੀਅਤ ਵਾਲੀ ਦਿੱਲੀ ਕੈਪੀਟਲਜ਼ ਨੇ ਅੱਜ ਐਲਾਨ ਕੀਤਾ ਕਿ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਆਗਾਮੀ ਆਈਪੀਐਲ ਦਾ ਕਪਤਾਨ ਹੋਵੇਗਾ। ਵਾਰਨਰ ਰਿਸ਼ਭ ਪੰਤ ਦੀ ਜਗ੍ਹਾ ਕਪਤਾਨੀ ਸੰਭਾਲਣਗੇ, ਜੋ ਫਿਲਹਾਲ ਰੀਹੈਬ ਤੋਂ ਗੁਜ਼ਰ ਰਹੇ ਹਨ।

ਇਸ ਦੌਰਾਨ ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਦਾ ਉਪ ਕਪਤਾਨ ਬਣਾਇਆ ਗਿਆ ਹੈ। 
ਰਿਲੀਜ਼ 'ਚ ਅੱਗੇ ਕਿਹਾ ਗਿਆ ਹੈ, 'ਫ੍ਰੈਂਚਾਇਜ਼ੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਡਾਇਰੈਕਟਰ ਹੋਣਗੇ। ਗਾਂਗੁਲੀ ਪਹਿਲਾਂ ਵੀ ਦਿੱਲੀ ਕੈਪੀਟਲਜ਼ ਨਾਲ ਜੁੜੇ ਰਹੇ ਹਨ, ਜਦੋਂ ਉਹ ਭੂਮਿਕਾ ਦੇ ਮੈਂਟਰ ਸਨ। ਦਿੱਲੀ ਕੈਪੀਟਲਸ ਦੀ ਟੀਮ ਆਪਣਾ ਪਹਿਲਾ ਮੈਚ 1 ਅਪ੍ਰੈਲ ਨੂੰ ਲਖਨਊ ਸੁਪਰਜਾਇੰਟਸ ਦੇ ਖਿਲਾਫ਼ ਖੇਡੇਗੀ।