ਭਾਰਤ ਅਤੇ ਨਿਊਜ਼ੀਲੈਂਡ ਨੇ ਐਫ਼.ਟੀ.ਏ. ਗੱਲਬਾਤ ਬਹਾਲ ਕਰਨ ਦਾ ਕੀਤਾ ਐਲਾਨ
ਅਪ੍ਰੈਲ, 2010 ’ਚ ਵਿਆਪਕ ਆਰਥਕ ਸਹਿਯੋਗ ਸਮਝੌਤੇ (ਸੀ.ਈ.ਸੀ.ਏ.) ’ਤੇ ਗੱਲਬਾਤ ਕੀਤੀ ਸੀ ਸ਼ੁਰੂ
ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਨੇ ਐਤਵਾਰ ਨੂੰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ਲਈ ਗੱਲਬਾਤ ਬਹਾਲ ਕਰਨ ਦਾ ਐਲਾਨ ਕੀਤਾ, ਜੋ 2015 ’ਚ ਮੁਲਤਵੀ ਹੋ ਗਿਆ ਸੀ।
ਭਾਰਤ ਅਤੇ ਨਿਊਜ਼ੀਲੈਂਡ ਨੇ ਵਸਤਾਂ, ਸੇਵਾਵਾਂ ਅਤੇ ਨਿਵੇਸ਼ ’ਚ ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਅਪ੍ਰੈਲ, 2010 ’ਚ ਵਿਆਪਕ ਆਰਥਕ ਸਹਿਯੋਗ ਸਮਝੌਤੇ (ਸੀ.ਈ.ਸੀ.ਏ.) ’ਤੇ ਗੱਲਬਾਤ ਸ਼ੁਰੂ ਕੀਤੀ ਸੀ। ਹਾਲਾਂਕਿ, 9 ਦੌਰ ਦੀਆਂ ਚਰਚਾਵਾਂ ਮਗਰੋਂ 2015 ’ਚ ਗੱਲਬਾਤ ਰੁਕ ਗਈ ਸੀ।
ਵਣਜ ਮੰਤਰਾਲੇ ਨੇ ਕਿਹਾ, ‘‘ਦੋਵੇਂ ਦੇਸ਼ ਇਕ ਵਿਆਪਕ ਅਤੇ ਆਪਸੀ ਰੂਪ ’ਚ ਲਾਭਕਾਰੀ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ਲਈ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਖ਼ੁਸ਼ ਹਨ।’’ ਇਹ ਐਲਾਨ ਇਸ ਲਈ ਅਹਿਮ ਹੈ ਕਿਉਂਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ 16 ਮਾਰਚ ਤੋਂ ਚਾਰ ਦਿਨਾਂ ਦੀ ਯਾਤਰਾ ’ਤੇ ਇਥੇ ਆ ਰਹੇ ਹਨ।
ਮੰਤਰਾਲੇ ਨੇ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਵਿਚਕਾਰ ਬੈਠਕ ਮਗਰੋਂ ਇਹ ਐਲਾਨ ਕੀਤਾ। ਬਿਆਨ ਅਨੁਸਾਰ, ‘‘ਭਾਰਤ-ਨਿਊਜ਼ੀਲੈਂਡ ਐਫ਼.ਟੀ.ਏ. ਗੱਲਬਾਤ ਦਾ ਉਦੇਸ਼ ਸੰਤੁਲਿਤ ਨਤੀਜੇ ਪ੍ਰਾਪਤ ਕਰਨਾ ਹੈ, ਜਿਸ ਨਾਲ ਸਪਲਾਈ ਲੜੀ ਏਕੀਕਰਨ ਵਧੇ ਹੋਏ ਬਾਜ਼ਾਰ ਪਹੁੰਚ ’ਚ ਸੁਧਾਰ ਹੋਵੇ।’’