ਸ਼ੁਰੂਆਤੀ ਟੈਸਟ ਹਾਰਿਆ ਅਫ਼ਗ਼ਾਨਿਸਤਾਨ, ਦੋ ਦਿਨ 'ਚ ਹੀ ਖੇਡ ਖ਼ਤਮ

ਏਜੰਸੀ

ਖ਼ਬਰਾਂ, ਖੇਡਾਂ

ਅਪਣਾ ਪਹਿਲਾ ਟੈਸਟ ਮੈਚ ਖੇਡ ਰਹੀ ਅਫ਼ਗ਼ਾਨਿਸਤਾਨ ਦੀ ਟੀਮ ਨੂੰ ਭਾਰਤ ਨੇ ਸਿਰਫ਼ ਦੋ ਦਿਨ ਵਿਚ ਹੀ ਇਕ ਪਾਰੀ ਅਤੇ 262 ਦੌੜਾਂ ਨਾਲ ਹਰਾ ਦਿਤਾ। ਭਾਰਤ ਅਤੇ ...

Ishant Sharma after taking wicket

ਬੰਗਲੌਰ,ਅਪਣਾ ਪਹਿਲਾ ਟੈਸਟ ਮੈਚ ਖੇਡ ਰਹੀ ਅਫ਼ਗ਼ਾਨਿਸਤਾਨ ਦੀ ਟੀਮ ਨੂੰ ਭਾਰਤ ਨੇ ਸਿਰਫ਼ ਦੋ ਦਿਨ ਵਿਚ ਹੀ ਇਕ ਪਾਰੀ ਅਤੇ 262 ਦੌੜਾਂ ਨਾਲ ਹਰਾ ਦਿਤਾ। ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡੇ ਗਏ ਇਸ ਟੈਸਟ ਮੈਚ ਦਾ ਨਤੀਜਾ ਸਿਰਫ਼ ਦੋ ਦਿਨ ਵਿਚ ਹੀ ਆ ਗਿਆ। ਇਸ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ 474 ਦੌੜਾਂ ਬਣਾਈਆਂ ਸਨ ਜਦਕਿ ਦੂਜੇ ਪਾਸੇ ਅਫ਼ਗ਼ਾਨਿਸਤਾਨ ਦੀ ਟੀਮ ਨੇ ਅਪਣੀ ਪਹਿਲੀ ਪਾਰੀ ਵਿਚ ਸਿਰਫ਼ 109 ਅਤੇ ਦੂਜੀ ਪਾਰੀ ਵਿਚ ਵੀ ਸਿਰਫ਼ 103 ਦੌੜਾਂ ਬਣਾਈਆਂ।

 ਭਾਰਤ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਵਿੰਦਰ ਜਡੇਜਾ ਨੇ ਅਫ਼ਗ਼ਾਨਿਸਤਾਨ ਦੀ ਪਹਿਲੀ ਪਾਰੀ ਵਿਚ ਕੁਲ ਦੋ ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਦੂਜੀ ਪਾਰੀ ਵਿਚ ਉਨ੍ਹਾਂ ਚਾਰ ਖਿਡਾਰੀਆਂ ਨੂੰ ਪਵੇਲੀਅਨ ਦਾ ਰਾਹ ਵਿਖਾਇਆ। ਭਾਰਤ ਵਲੋਂ ਬਣਾਈਆਂ ਗਈਆਂ 474 ਦੌੜਾਂ ਵਿਚ ਸ਼ਿਖਰ ਧਵਨ ਅਤੇ ਮੁਰਲੀ ਵਿਜੈ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 107 ਅਤੇ 105 ਦੌੜਾਂ ਬਣਾਈਆਂ ਸਨ ਅਤੇ ਇਨ੍ਹਾਂ ਦੋਹਾਂ ਨੇ ਪਹਿਲੇ ਵਿਕਟ ਦੀ ਭਾਈਵਾਲੀ ਵਿਚ 168 ਦੌੜਾਂ ਬਣਾਈਆਂ ਸਨ।  

ਭਾਰਤ ਵਿਰੁਧ ਪਾਕਿਸਤਾਨ, ਬੰਗਲਾਦੇਸ਼ ਅਤੇ ਜ਼ਿੰਬਾਬਵੇ ਨੇ ਅਪਣੇ ਟੈਸਟ ਮੈਚਾਂ ਦੀ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਜ਼ਿੰਬਾਬਵੇ ਮੈਚ ਨੂੰ ਡਰਾਅ ਕਰਵਾਉਣ ਵਿਚ ਸਫ਼ਲ ਰਿਹਾ ਸੀ। ਅਫ਼ਗ਼ਾਨਿਸਤਾਨ ਨੂੰ ਵੀ ਅਪਣੇ ਪਹਿਲੇ ਟੈਸਟ ਵਿਚ ਮੈਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।  (ਪੀ.ਟੀ.ਆਈ.)