ਹਿਮਾ ਦਾਸ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਨਕਸ਼ੇ 'ਤੇ ਭਾਰਤ ਦੀ ਪਹਿਲੀ ਸੁਨਹਿਰੀ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਸਮ ਦੇ ਇਕ ਛੋਟੇ ਜਿਹੇ ਪਿੰਡ ਦੀ ਸਾਂਵਲੀ ਜਿਹੀ ਲੜਕੀ ਜਦੋਂ ਦੌੜੀ ਤਾਂ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਵਿਸ਼ਵ ਅਥਲੈਟਿਕਸ ਦੇ ਨਕਸ਼ੇ 'ਤੇ ਭਾਰਤ ਦੇ ਨਾਮ ਦੀ ਪਹਿਲੀ...

Hima Das

ਨਵੀਂ ਦਿੱਲੀ,  ਅਸਮ ਦੇ ਇਕ ਛੋਟੇ ਜਿਹੇ ਪਿੰਡ ਦੀ ਸਾਂਵਲੀ ਜਿਹੀ ਲੜਕੀ ਜਦੋਂ ਦੌੜੀ ਤਾਂ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਵਿਸ਼ਵ ਅਥਲੈਟਿਕਸ ਦੇ ਨਕਸ਼ੇ 'ਤੇ ਭਾਰਤ ਦੇ ਨਾਮ ਦੀ ਪਹਿਲੀ ਸੁਨਹਿਰੀ ਮੋਹਰ ਲਗਾ ਦਿਤੀ। ਅਪਣੇ ਕਾਰਨਾਮੇ ਦਾ ਅਹਿਸਾਸ ਹੁੰਦਿਆਂ ਹੀ ਗਲੇ 'ਚ ਅਸਾਮੀ ਗਮਸ਼ਾ ਅਤੇ ਮੋਢੇ 'ਤੇ ਤਿਰੰਗਾ ਪਲੇਟ ਲਿਆ। 
ਜੇਤੂ ਮੰਚ 'ਤੇ ਪਹੁੰਚੀ ਤਾਂ ਰਾਸ਼ਟਰੀ ਗੀਤ ਵਜਦਿਆਂ ਹੀ ਉਸ ਦੀਆਂ ਨਜ਼ਰਾਂ ਤਿਰੰਗੇ ਨੂੰ ਨਿਹਾਰਦੇ ਰਹੇ ਅਤੇ ਅੱਖਾਂ ਤੋਂ ਹੰਝੂ ਵਹਿ ਗਏ।

ਇਹ ਹੈ ਰਾਤੋਰਾਤ ਦੇਸ਼ ਦੀ ਸਨਸਨੀ ਬਣੀ 18 ਸਾਲ ਦੀ ਹਿਮਾ ਦਾਸ, ਜਿਸ ਨੇ ਫਿਨਲੈਂਡ ਦੇ ਤਾਂਪੇਰੇ 'ਚ ਕਰਵਾਏ ਆਈ.ਏ.ਏ.ਐਫ਼. ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਮੁਕਾਬਲੇ ਦੇ ਫ਼ਾਈਨਲ 'ਚ 51.46 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗ਼ਾ ਜਿੱਤਿਆ। ਇਹ ਟਰੈਕ ਮੁਕਾਬਲੇ 'ਚ ਭਾਰਤ ਦੀ ਪਹਿਲੀ ਸੋਨਾ ਜੇਤੂ ਸਫ਼ਲਤਾ ਹੈ।

ਮੱਧ ਅਸਮ ਦੇ ਢਿੰਗ ਕਸਬੇ ਤੋਂ ਕਰੀਬ ਪੰਜ ਕਿਲੋਮੀਟਰ ਦੇ ਫ਼ਾਸਲੇ 'ਤੇ ਸਥਿਤ ਕੰਧੂਲੀਮਾਰੀ ਪਿੰਡ 'ਚ ਰੰਜੀਤ ਦਾਸ ਤੇ ਜੋਮਾਲੀ ਦੇ ਘਰ ਜਨਮੀ ਹਿਮਾ ਅਪਣੇ ਪਿਤਾ ਨਾਲ ਖੇਤੀ 'ਚ ਹੱਥ ਵਟਾਉਂਦੀ ਸੀ। ਹਿਮਾ ਅਪਣੇ ਦੇ ਪਿਤਾ ਝੋਨੇ ਦੇ ਖੇਤਾਂ 'ਚ ਦੌੜ ਲਗਾਇਆ ਕਰਦੀ ਸੀ ਅਤੇ ਲੜਕਿਆਂ ਨਾਲ ਫ਼ੁਟਬਾਲ ਖੇਡਦੀ ਸੀ ਅਤੇ ਉਸ ਦੀ ਰਫ਼ਤਾਰ ਦੇਖ ਕੇ ਸਥਾਨਕ ਕੋਚ ਨੇ ਉਸ ਨੂੰ ਅਥਲੈਟਿਕਸ 'ਚ ਹੱਥ ਅਜ਼ਮਾਉਣ ਦੀ ਸਲਾਹ ਦਿਤੀ।

ਹਿਮਾ ਦੇ ਸ਼ੁਰੂਆਤੀ ਕੋਚ ਦਾ ਕਹਿਣਾ ਹੈ ਕਿ ਉਸ ਨੇ ਹਿਮਾ ਨੂੰ ਕੁਝ ਬੁਨਿਆਦੀ ਪ੍ਰੀਖਣ ਦਿਤਾ ਅਤੇ ਉਸ ਦੀ ਕੁਦਰਤੀ ਰਫ਼ਤਾਰ 'ਚ ਕੋਈ ਤਬਦੀਲੀ ਨਹੀਂ ਕੀਤੀ। ਅਪਣੇ ਦੌੜਨ ਦੇ ਅੰਦਾਜ਼ ਨਾਲ ਹਿਮਾ ਅਪਣੇ ਤੋਂ ਕਿਤੇ ਤਕੜੀਆਂ ਕੁੜੀਆਂ 'ਤੇ ਭਾਰੂ ਪਈ ਅਤੇ ਪਿਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਦੁਨੀਆ ਦੇ ਨਕਸ਼ੇ 'ਤੇ ਭਾਰਤੀ ਅਥਲੈਟਿਕਸ ਨੂੰ ਪਹਿਲੀ ਵਾਰ ਜਗ੍ਹਾ ਦਿਵਾਉਣ 'ਚ ਕਾਮਯਾਬ ਰਹੀ।  (ਏਜੰਸੀ)